T20 World Cup: INDIA-PAK ਮਹਾਮੁਕਾਬਲਾ ਅੱਜ, ਮੋਹਾਲੀ ਦੇ ਗੇਂਦਬਾਜ਼ ਅਰਸ਼ਦੀਪ ‘ਤੇ ਸਭ ਦੀ ਨਜ਼ਰ
Dallas: 2024 ਟੀ-20 ਵਿਸ਼ਵ ਕੱਪ ‘ਚ ਅੱਜ ਸ਼ਾਮ 7 ਵਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਣ ਜਾ ਰਿਹਾ ਹੈ। ਇਸ ਮੈਚ ‘ਚ ਸਭ ਦੀਆਂ ਨਜ਼ਰਾਂ ਮੋਹਾਲੀ ਦੇ ਖਰੜ ਸ਼ਹਿਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ‘ਤੇ ਹੋਣਗੀਆਂ। ਕਿਉਂਕਿ ਉਹ ਭਾਰਤ ਲਈ ਵਿਕਟਾਂ ਲੈਣ ਵਿੱਚ ਮਾਹਿਰ ਹੈ। ਉਹ 2022 ਟੀ-20 ਏਸ਼ੀਆ ਕੱਪ ‘ਚ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਇਆ। ਉਸ ਨੇ ਪਹਿਲੀ ਹੀ ਗੇਂਦ ‘ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਵਿਕਟ ਲਿਆ। 2022 ਵਿੱਚ ਅਰਸ਼ਦੀਪ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇ ਕੇ ਟੀਮ ਲਈ ਤਿੰਨ ਵਿਕਟਾਂ ਲਈਆਂ ਸਨ। ਬਾਬਰ ਦੇ ਨਾਲ-ਨਾਲ ਉਸ ਨੇ ਰਿਜ਼ਵਾਨ ਅਤੇ ਆਸਿਫ ਦੀਆਂ ਵਿਕਟਾਂ ਵੀ ਲਈਆਂ।
ਅਰਸ਼ਦੀਪ ਸਿੰਘ ਨੂੰ 2022 ਏਸ਼ੀਆ ਕੱਪ ‘ਚ ਕਾਫੀ ਟ੍ਰੋਲ ਕੀਤਾ ਗਿਆ ਸੀ। ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਉਸ ਨੇ 17ਵੇਂ ਓਵਰ ‘ਚ ਪਾਕਿਸਤਾਨੀ ਖਿਡਾਰੀ ਆਸਿਫ ਅਲੀ ਦਾ ਕੈਚ ਛੱਡਿਆ। ਇਸ ਤੋਂ ਬਾਅਦ ਆਸਿਫ ਨੇ 8 ਗੇਂਦਾਂ ‘ਤੇ 16 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ। ਇਸ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਸਿਰਫ਼ ਇੱਕ ਵਿਕਟ ਲਈ ਸੀ। ਉਹ ਵਿਕਟ ਵੀ ਆਸਿਫ ਦੀ ਸੀ, ਜੋ ਉਸ ਨੂੰ ਆਖਰੀ ਓਵਰ ‘ਚ ਮਿਲੀ। ਇਸ ਕੈਚ ਨੂੰ ਛੱਡਣ ਤੋਂ ਬਾਅਦ ਜਦੋਂ ਉਸ ਨੂੰ ਟ੍ਰੋਲ ਕੀਤਾ ਗਿਆ ਤਾਂ ਵਿਰਾਟ ਕੋਹਲੀ ਵੀ ਉਸ ਦੇ ਸਮਰਥਨ ‘ਚ ਆ ਗਿਆ।
ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਗੁਨਾ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਹ 6 ਫੁੱਟ 3 ਇੰਚ ਲੰਬਾ ਹੈ। ਉਸ ਨੇ 2018 ਵਿਜੇ ਹਜ਼ਾਰੇ ਟਰਾਫੀ ਵਿੱਚ ਪੰਜਾਬ ਲਈ ਖੇਡਦੇ ਹੋਏ ਆਪਣੇ ਕ੍ਰਿਕਟ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਹ ਅੰਡਰ-19 ਵਿਸ਼ਵ ਕੱਪ ਵੀ ਖੇਡ ਚੁੱਕਾ ਹੈ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਉਸ ਨੂੰ 2019 ਵਿੱਚ ਪੰਜਾਬ ਆਈਪੀਐਲ ਟੀਮ ਲਈ ਖਰੀਦਿਆ ਗਿਆ ਸੀ। ਅਰਸ਼ਦੀਪ ਨੇ 2019 ਵਿੱਚ ਹੀ ਰਣਜੀ ਟਰਾਫੀ ਖੇਡੀ ਸੀ। ਅਰਸ਼ਦੀਪ ਨੂੰ 2021 ਵਿੱਚ ਭਾਰਤੀ ਟੀਮ ਦੇ ਸ਼੍ਰੀਲੰਕਾ ਦੌਰੇ ਦੌਰਾਨ 5 ਨੈੱਟ ਗੇਂਦਬਾਜ਼ਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਨੂੰ 2022 ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਲੜੀ ਖੇਡਣ ਲਈ ਭਾਰਤ ਦੀ ਟੀ-20 ਟੀਮ ਵਿੱਚ ਚੁਣਿਆ ਗਿਆ ਸੀ। ਫਿਰ ਉਹ 2022 ਵਿਚ ਇੰਗਲੈਂਡ ਦੌਰੇ ਲਈ ਟੀਮ ਦਾ ਮੈਂਬਰ ਸੀ। ਅਰਸ਼ਦੀਪ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਇੰਗਲੈਂਡ ਦੇ ਖਿਲਾਫ ਟੀ-20 ਮੈਚ ਤੋਂ ਕੀਤੀ ਸੀ। ਅਰਸ਼ਦੀਪ ਸਿੰਘ ਦਾ ਆਈਪੀਐਲ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ।