USA Shootout: ਜਨਮ ਦਿਨ ਦੀ ਪਾਰਟੀ ‘ਚ ਅੰਨ੍ਹੇਵਾਹ ਗੋਲੀਬਾਰੀ, 27 ਲੋਕਾਂ ਨੂੰ ਮਾਰੀ ਗੋਲੀ, 27 ਸਾਲਾ ਨੌਜਵਾਨ ਦੀ ਮੌਤ
Ohio ਓਹੀਓ : ਅਮਰੀਕਾ ਦੇ ਓਹੀਓ ਤੋਂ ਗੋਲੀਬਾਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਰੋਨ ‘ਚ ਜਨਮਦਿਨ ਦੀ ਪਾਰਟੀ ਦੌਰਾਨ ਘੱਟੋ-ਘੱਟ 27 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਸਪੈਕਟੇਟਰ ਇੰਡੈਕਸ ਨੇ ਆਪਣੇ ਐਕਸ ਹੈਂਡਲ ‘ਤੇ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਬੀਐਨਓ ਨਿਊਜ਼ ਨੇ ਦੱਸਿਆ ਕਿ ਗਵਾਹਾਂ ਅਤੇ ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਓਹੀਓ ਦੇ ਅਕਰੋਨ ਵਿੱਚ ਇੱਕ ਪਾਰਟੀ ਵਿੱਚ ਗੋਲੀਬਾਰੀ ਹੋਈ। ਇਸ ‘ਚ ਘੱਟੋ-ਘੱਟ 27 ਲੋਕਾਂ ਨੂੰ ਗੋਲੀ ਲੱਗੀ ਸੀ। ਪੀੜਤਾਂ ਵਿੱਚੋਂ ਇੱਕ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਨੇ ਤੁਰੰਤ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
ਇਹ ਘਟਨਾ ਐਤਵਾਰ ਅੱਧੀ ਰਾਤ ਤੋਂ ਬਾਅਦ ਵਾਪਰੀ, ਜਦੋਂ ਕਲੀਵਲੈਂਡ ਤੋਂ ਲਗਭਗ 27 ਮੀਲ ਦੱਖਣ ਵਿੱਚ, ਅਕਰੋਨ ਵਿੱਚ ਕੈਲੀ ਅਤੇ 8ਵੇਂ ਐਵੇਨਿਊ ਦੇ ਇੰਟਰਸੈਕਸ਼ਨ ਦੇ ਨੇੜੇ ਇੱਕ ਵੱਡੀ ਜਨਮਦਿਨ ਪਾਰਟੀ ਰੱਖੀ ਗਈ ਸੀ। ਪਾਰਟੀ ਦੌਰਾਨ ਇੱਕ ਤੋਂ ਬਾਅਦ ਇਕ ਦਰਜਨਾਂ ਗੋਲੀਆਂ ਚਲਾਈਆਂ ਗਈਆਂ। ਗੋਲੀ ਚੱਲਣ ਦੀ ਆਵਾਜ਼ ਨੇੜਲੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ।
27 ਸਾਲਾ ਨੌਜਵਾਨ ਦੀ ਮੌਤ
ਅਕਰੋਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਘੱਟੋ-ਘੱਟ 27 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ 27 ਸਾਲਾ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੁਝ ਜ਼ਖਮੀਆਂ ਨੂੰ ਨਿੱਜੀ ਵਾਹਨਾਂ ‘ਚ ਹਸਪਤਾਲ ਲਿਜਾ ਕੇ ਦਾਖਲ ਕਰਵਾਇਆ ਗਿਆ, ਪਰ ਉਨ੍ਹਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। WEWS ਚੈਨਲ ਦੇ ਇੱਕ ਫੋਟੋਗ੍ਰਾਫਰ ਨੇ ਕਿਹਾ ਕਿ ਪੁਲਿਸ ਜਾਂਚ ਨੂੰ 30 ਤੋਂ ਵੱਧ ਗੋਲੀਬਾਰੀ ਦੇ ਘਟਨਾ ਸਥਾਨ ਤੋਂ ਸਬੂਤ ਮਿਲੇ ਹਨ। ਮੌਕੇ ਤੋਂ ਇੱਕ ਬੰਦੂਕ ਵੀ ਬਰਾਮਦ ਕੀਤੀ ਗਈ ਹੈ, ਪਰ ਤੁਰੰਤ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।
ਪਾਰਟੀ ਦੌਰਾਨ ਗੋਲੀਬਾਰੀ ਕਿਉਂ ਹੋਈ, ਇਸ ਦਾ ਜਵਾਬ ਅਜੇ ਤੱਕ ਪੁਲੀਸ ਕੋਲ ਨਹੀਂ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਇਸ ਘਟਨਾ ਬਾਰੇ ਜਾਣਕਾਰੀ ਹੋਵੇ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ। ਪੁਲਿਸ ਨੇ ਇਸ ਸਬੰਧੀ ਫ਼ੋਨ ਨੰਬਰ ਵੀ ਜਾਰੀ ਕੀਤਾ ਹੈ ।