Election Results: ਅਰੁਣਾਚਲ ਪ੍ਰਦੇਸ਼ ਵਿੱਚ ਫਿਰ ਖਿੜਿਆ ‘ਕਮਲ’, ਸਿੱਕਮ ਵਿੱਚ ਐੱਸਕੇਐੱਮ ਦੂਜੀ ਵਾਰ ਸੱਤਾ ਵਿੱਚ ਵਾਪਸ
ਈਟਾਨਗਰ: ਭਾਰਤੀ ਜਨਤਾ ਪਾਰਟੀ ਅੱਜ 60 ਮੈਂਬਰੀ ਵਿਧਾਨ ਸਭਾ ’ਚ 46 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੀ ਸੱਤਾ ਵਿੱਚ ਪਰਤੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਰੁਣਾਚਲ ਪ੍ਰਦੇਸ਼ ਵਿੱਚ 50 ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ 6 ਵਜੇ ਸਖ਼ਤ ਸੁਰੱਖਿਅਤ ਵਿਚਾਲੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ ’ਚੋਂ 10 ਸੀਟਾਂ ਪਹਿਲਾਂ ਹੀ ਨਿਰਵਿਰੋਧ ਜਿੱਤ ਲਈਆਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਚੋਣਾਂ ਦੇ ਪਹਿਲੇ ਗੇੜ ’ਚ 19 ਅਪਰੈਲ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਇਕੋ ਨਾਲ ਮਤਦਾਨ ਹੋਇਆ ਸੀ।
ਭਾਜਪਾ ਨੇ ਬਾਕੀ ਰਹਿੰਦੀਆਂ 50 ਵਿੱਚੋਂ 36 ਸੀਟਾਂ ਜਿੱਤ ਲਈਆਂ ਹਨ। ਮੁੱਖ ਮੰਤਰੀ ਪੇਮਾ ਖਾਂਡੂ ਨਿਰਵਿਰੋਧ ਜਿੱਤਣ ਵਾਲੇ 10 ਉਮੀਦਵਾਰਾਂ ’ਚੋਂ ਇਕ ਹਨ। ਉੱਧਰ, ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਨੇ ਪੰਜ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਪੀਪਲਜ਼ ਪਾਰਟੀ ਆਫ਼ ਅਰੁਣਾਚਲ ਪ੍ਰਦੇਸ਼ ਨੇ ਦੋ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੇ ਇਕ ਉਮੀਦਵਾਰ ਤੋਂ ਇਲਾਵਾ ਤਿੰਨ ਆਜ਼ਾਦ ਉਮੀਦਵਾਰ ਵੀ ਜਿੱਤ ਹਾਸਲ ਕਰਨ ’ਚ ਸਫ਼ਲ ਰਹੇ ਹਨ।
ਐੱਸਕੇਐੱਮ ਸਿੱਕਮ ਵਿੱਚ ਸੱਤਾ ’ਚ ਪਰਤੀ
ਗੰਗਟੋਕ: ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਅੱਜ ਲਗਾਤਾਰ ਦੂਜੀ ਵਾਰ ਸਿੱਕਮ ਵਿੱਚ ਸੱਤਾ ’ਚ ਪਰਤੀ ਅਤੇ ਉਸ ਨੇ 32 ਮੈਂਬਰੀ ਵਿਧਾਨ ਸਭਾ ਵਿੱਚ 31 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਾਲੇ ਐੱਸਕੇਐੱਮ ਨੇ 31 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਤਮਾਂਗ ਨੇ ਰਹੇਨੋਕ ਸੀਟ ’ਤੇ 7000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਹ ਸੋਰੇਂਗ ਚਾਕੁੰਗ ਚੋਣ ਖੇਤਰ ਵਿੱਚ ਵੀ ਅੱਗੇ ਹੈ। ਲਗਾਤਾਰ 25 ਸਾਲ ਤੱਕ ਰਾਜ ਕਰਨ ਵਾਲੇ ਸਿੱਕਮ ਡੈਮੋਕਰੈਟਿਕ ਫਰੰਟ (ਐੱਸਡੀਐੱਫ) ਨੇ ਸਿਰਫ਼ ਇਕ ਸੀਟ ਜਿੱਤੀ ਹੈ। ਸਿੱਕਮ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਸਿੱਕਮ ਡੈਮੋਕਰੈਟਿਕ ਫ਼ਰੰਟ (ਐੱਸਡੀਐੱਫ) ਦੇ ਮੁਖੀ ਪਵਨ ਕੁਮਾਰ ਚਾਮਲਿੰਗ ਦੋਵੇਂ ਵਿਧਾਨ ਸਭਾ ਸੀਟਾਂ ਪੋਕਲੋਕ-ਕਾਮਰੰਗ ਅਤੇ ਨਾਮਚੇਯਬੁੰਗ ਤੋਂ ਹਾਰ ਗਏ। ਅੱਠ ਵਾਰ ਦੇ ਵਿਧਾਇਕ ਚਾਮਲਿੰਗ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਪੋਕਲੋਕ-ਕਾਮਰੰਗ ਸੀਟ ’ਤੇ ਐੱਸਕੇਐੱਮ ਦੇ ਉਮੀਦਵਾਰ ਭੋਜਰਾਏ ਰਾਏ ਤੋਂ 3063 ਵੋਟਾਂ ਦੇ ਫਰਕ ਨਾਲ ਹਾਰ ਗਏ। ਸਿੱਕਮ ਵਿੱਚ 19 ਅਪਰੈਲ ਨੂੰ ਲੋਕ ਸਭਾ ਚੋਣਾ ਦੇ ਪਹਿਲੇ ਗੇੜ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਲਈ ਮਤਦਾਨ ਹੋਇਆ ਸੀ।