China-Sikhs ਚੀਨ ਫੇਸਬੁੱਕ ਰਾਹੀਂ ਸਿੱਖਾਂ ਨੂੰ ਬਣਾ ਰਿਹਾ ਨਿਸ਼ਾਨਾ: ਮੈਟਾ
New Delhi: ਸੋਸ਼ਲ ਮੀਡੀਆ ਦਿੱਗਜ ਮੈਟਾ ਜੋ ਫੇਸਬੁੱਕ, ਇੰਸਟਗ੍ਰਾਮ ਤੇ ਵੱਟਸਐਪ ਦੀ ਮਾਲਕ ਹੈ, ਨੇ ਕਿਹਾ ਹੈ ਕਿ ਚੀਨ ’ਚ ਇੱਕ ਨੈਟਵਰਕ ਨੇ ਸੋਸ਼ਲ ਮੀਡੀਆ ’ਤੇ ‘ਖਾਲਿਸਤਾਨ ਆਜ਼ਾਦੀ ਅੰਦੋਲਨ’, ਪੰਜਾਬ ’ਚ ਹੜ੍ਹ ਤੇ ਭਾਰਤ ਸਰਕਾਰ ਦੀ ਆਲੋਚਨਾ ਦੀਆਂ ਫਰਜ਼ੀ ਪੋਸਟਾਂ ਤੇ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ਦੀ ਵਰਤੋਂ ਕਰਕੇ ਦੁਨੀਆ ਭਰ ’ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ।
ਮੈਟਾ ਨੇ ਆਪਣੀ ਮਈ ਮਹੀਨੇ ਦੀ ਰਿਪੋਰਟ ’ਚ ਕਿਹਾ, ‘ਅਜਿਹਾ ਲਗਦਾ ਹੈ ਕਿ ਇਨ੍ਹਾਂ ਗਰੁੱਪਾਂ ਨੇ ‘ਅਪਰੇਸ਼ਨ ਕੇ’ ਦੇ ਨਾਂ ਹੇਠ ਇੱਕ ਫਰਜ਼ੀ ਕਾਰਕੁਨ ਅੰਦੋਲਨ ਸ਼ੁਰੂ ਕੀਤਾ ਹੈ ਜਿਸ ਨੇ ਸਿੱਖ ਹਮਾਇਤੀ ਰੋਸ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਹੈ।’ ਰਿਪੋਰਟ ਅਨੁਸਾਰ ਇਹ ਅੰਦੋਲਨ ਫਰਜ਼ੀ ਖ਼ਾਤਿਆਂ ਦੇ ਕਈ ਸਮੂਹਾਂ ਰਾਹੀਂ ਚਲਾਇਆ ਗਿਆ ਜਿਸ ਵਿੱਚ ਭਾਰਤ ਤੇ ਤਿੱਬਤ ਨੂੰ ਨਿਸ਼ਾਨਾ ਬਣਾਉਣ ਵਾਲੇ ਚੀਨ ਦੇ ਇੱਕ ਸਮੂਹ ਦੇ ਲਿੰਕ ਵੀ ਸ਼ਾਮਲ ਸਨ। ਸੋਸ਼ਲ ਮੀਡੀਆ ਰਾਹੀਂ ਆਸਟਰੇਲੀਆ, ਕੈਨੇਡਾ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, ਬਰਤਾਨੀਆ ਤੇ ਨਾਈਜੀਰੀਆ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮੈਟਾ ਨੇ ਕਿਹਾ, ‘ਅਸੀਂ ਆਪਣੀ ਨੀਤੀ ਦੀ ਉਲੰਘਣਾ ਕਰਨ ’ਤੇ 37 ਫੇਸਬੁੱਕ ਖ਼ਾਤੇ, 13 ਪੇਜ, ਪੰਜ ਗਰੁੱਪ ਅਤੇ ਇੰਸਟਾਗ੍ਰਾਮ ਤੋਂ ਨੌਂ ਖ਼ਾਤੇ ਹਟਾਏ ਹਨ।’ ਮੈਟਾ ਨੇ ਕਿਹਾ ਕਿ ਖ਼ਬਰਾਂ ਤੇ ਮੌਜੂਦਾ ਘਟਨਾਵਾਂ ਬਾਰੇ ਇਹ ਪੋਸਟਾਂ ਮੁੱਢਲੇ ਤੌਰ ’ਤੇ ਅੰਗਰੇਜ਼ੀ ਤੇ ਹਿੰਦੀ ਵਿੱਚ ਸਨ ਅਤੇ ਇਨ੍ਹਾਂ ਨਾਲ ਛੇੜਛਾੜ ਕੀਤੀਆਂ ਤਸਵੀਰਾਂ ਵੀ ਨਸ਼ਰ ਕੀਤੀਆਂ ਗਈਆਂ ਸਨ। ਪੰਜਾਬ ’ਚ ਹੜ੍ਹਾਂ ਤੇ ਖਾਲਿਸਤਾਨ ਆਜ਼ਾਦੀ ਅੰਦੋਲਨ ਤੋਂ ਇਲਾਵਾ ਕੈਨੇਡਾ ’ਚ ਹਰਦੀਪ ਸਿੰਘ ਨਿੱਝਰ ਕਤਲ ਤੇ ਭਾਰਤ ਸਰਕਾਰ ਦੀ ਆਲੋਚਨਾ ਨਾਲ ਸਬੰਧਤ ਤਸਵੀਰਾਂ ਦੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ। ਭਾਰਤੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਨੇ ਕਿਹਾ ਕਿ ਹੁਣ ਤੱਕ ਪਾਕਿਸਤਾਨੀ ਸੋਸ਼ਲ ਮੀਡੀਆ ਖ਼ਾਤਿਆਂ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਪਰ ਚੀਨ ਵੱਲੋਂ ਅਜਿਹਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੀਨ ਤੇ ਪਾਕਿਸਤਾਨ ਦੀ ਸਾਂਝੀ ਗਤੀਵਿਧੀ ਵੀ ਹੋ ਸਕਦੀ ਹੈ।