Canada GDP: ਪਹਿਲੀ ਤਿਮਾਹੀ ਦੌਰਾਨ ਕੈਨੇਡਾ ਦੀ ਜੀਡੀਪੀ ਚ 1.7% ਦਾ ਵਾਧਾ
ਓਟਵਾ: ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡੀਅਨ ਪਰਿਵਾਰਾਂ ਵੱਲੋਂ ਕੀਤੇ ਘਰੇਲੂ ਖ਼ਰਚ ਨੇ Canada GDP ਆਰਥਿਕਤਾ ਨੂੰ ਸਾਲ ਦੀ ਪਹਿਲੀ ਤਿਮਾਹੀ ਵਿੱਚ 1.7 ਪ੍ਰਤੀਸ਼ਤ ਦੀ ਸਾਲਾਨਾ ਦਰ ਨਾਲ ਵਿਕਾਸ ਕਰਨ ਵਿੱਚ ਮਦਦ ਕੀਤੀ ਹੈ।
ਸੇਵਾਵਾਂ ‘ਤੇ ਘਰੇਲੂ ਖ਼ਰਚ 1.1 ਫੀਸਦੀ ਵਧਿਆ, ਜਿਸ ਵਿਚ ਦੂਰਸੰਚਾਰ ਸੇਵਾਵਾਂ, ਕਿਰਾਏ ਅਤੇ ਹਵਾਈ ਯਾਤਰਾ ‘ਤੇ ਖ਼ਰਚ ਮੁੱਖ ਖੇਤਰ ਰਹੇ। ਵਸਤੂਆਂ ‘ਤੇ ਘਰੇਲੂ ਖ਼ਰਚੇ 0.3 ਫੀਸਦੀ ਵਧੇ, ਜਿਸ ਵਿਚ ਨਵੇਂ ਟਰੱਕਾਂ, ਵੈਨਾਂ ਅਤੇ ਸਪੋਰਟ ਯੂਟੀਲਿਟੀ ਵਾਹਨਾਂ ‘ਤੇ ਖ਼ਰਚੇ ਮੋਹਰੀ ਰਹੇ।
ਤਿਮਾਹੀ ਦੇ ਅੰਕੜੇ ਉਦੋਂ ਆਏ ਹਨ ਜਦੋਂ ਸਟੈਟਿਸਟਿਕਸ ਕੈਨੇਡਾ ਅਨੁਸਾਰ ਫਰਵਰੀ ਵਿੱਚ 0.2 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ, ਮਾਰਚ ਵਿੱਚ ਰੀਅਲ ਜੀਡੀਪੀ ਵਿੱਚ ਕੋਈ ਬਦਲਾਅ ਨਹੀਂ ਆਇਆ ਸੀ। ਅਰਥਵਿਵਸਥਾ ਦੀ ਰਿਪੋਰਟ ਅਗਲੇ ਹਫਤੇ ਆਉਣ ਵਾਲੇ ਬੈਂਕ ਆਫ ਕੈਨੇਡਾ ਦੇ ਵਿਆਜ ਦਰ ਦੇ ਫੈਸਲੇ ਤੋਂ ਪਹਿਲਾਂ ਆਈ ਹੈ।
ਬੈਂਕ ਔਫ਼ ਕੈਨੇਡਾ ਦੇ ਗਵਰਨਰ ਕਹਿ ਚੁੱਕੇ ਹਨ ਕਿ ਵਿਆਜ ਦਰਾਂ ਵਿਚ ਕਟੌਤੀ ਸੰਭਾਵਨਾਵਾਂ ਦੇ ਦਾਇਰੇ ਦੇ ਅੰਦਰ ਹੈ, ਪਰ ਇਹ ਫ਼ੈਸਲਾ ਆਰਥਿਕ ਅੰਕੜਿਆਂ ‘ਤੇ ਅਧਾਰਤ ਹੋਵੇਗਾ। ਉਹਨਾਂ ਕਿਹਾ ਸੀ ਕਿ ਬੈਂਕ ਅਜਿਹੀਆਂ ਸਥਿਤੀਆਂ ਦੇਖ ਰਿਹਾ ਹੈ ਜਿਹੜੀਆਂ ਵਿਆਜ ਦਰਾਂ ਨੂੰ 5% ਤੋਂ ਘਟਾਉਣ ਦੀ ਸ਼ੁਰੂਆਤ ਲਈ ਲੋੜੀਂਦੀਆਂ ਹਨ, ਪਰ ਉਹ ਚਾਹੁੰਦੇ ਹਨ ਕਿ ਇਹ ਸਥਿਤੀਆਂ ਟਿਕਾਊ ਰਹਿਣ ਅਤੇ ਮਹਿੰਗਾਈ ਦਰ 2% ਦੇ ਟੀਚੇ ਵੱਲ ਜਾ ਰਹੀ ਹੋਵੇ।
ਮਾਰਚ ਵਿਚ ਸਾਲਾਨਾ ਮਹਿੰਗਾਈ ਦਰ 2.9 ਫੀਸਦੀ ਸੀ ਜੋ ਕਿ ਅਪ੍ਰੈਲ ਵਿਚ ਘੱਟ ਕੇ 2.7 ਫੀਸਦੀ ‘ਤੇ ਆ ਗਈ ਸੀ। ਮਾਰਚ ਦਾ ਜੀਡੀਪੀ ਅੰਕੜਾ ਉਦੋਂ ਆਇਆ ਹੈ ਜਦੋਂ ਉਸਾਰੀ ਉਦਯੋਗ ਨੇ ਇਸ ਮਹੀਨੇ ਲਈ 1.1 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ, ਜੋ ਕਿ ਜਨਵਰੀ 2022 ਤੋਂ ਬਾਅਦ ਇਸਦੀ ਸਭ ਤੋਂ ਮਜ਼ਬੂਤ ਵਿਕਾਸ ਦਰ ਹੈ। ਇਸ ਦੌਰਾਨ, ਓਨਟੇਰਿਓ ਵਿੱਚ ਕਈ ਆਟੋਮੋਟਿਵ ਅਸੈਂਬਲੀ ਪਲਾਂਟਾਂ ਵਿੱਚ ਉਪਕਰਣਾਂ ਅਤੇ ਮਸ਼ੀਨਾਂ ਵਿਚ ਤਬਦੀਲੀ ਕਰਨ ਕਰਕੇ ਉਤਪਾਦਨ ਪ੍ਰਭਾਵਿਤ ਰਿਹਾ ਜਿਸ ਨਾਲ ਨਿਰਮਾਣ ਖੇਤਰ ਵਿੱਚ 0.8 ਪ੍ਰਤੀਸ਼ਤ ਦੀ ਗਿਰਾਵਟ ਆਈ।
ਏਜੰਸੀ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਅਪ੍ਰੈਲ ਵਿਚ ਆਰਥਿਕਤਾ ਵਿਚ 0.3% ਵਾਧਾ ਹੋਣ ਦੀ ਪੇਸ਼ੀਨਗੋਈ ਹੈ। ਨਿਰਮਾਣ, ਖਣਨ, ਤੇਲ ਤੇ ਗੈਸ ਕੱਢਣ ਅਤੇ ਥੋਕ ਵਪਾਰ ਵਿੱਚ ਵਾਧਾ ਯੂਟਿਲਿਟੀਜ਼ ਵਿੱਚ ਕਮੀ ਕਰਕੇ ਅੰਸ਼ਕ ਤੌਰ ‘ਤੇ ਪ੍ਰਭਾਵਿਤ ਦਰਜ ਕੀਤਾ ਗਿਆ।