USA: ਡੋਨਾਲਡ ਟਰੰਪ ਹਸ਼ ਮਨੀ ਨਾਲ ਜੁੜੇ ਸਾਰੇ 34 ਮਾਮਲਿਆਂ ’ਚ ਦੋਸ਼ੀ ਕਰਾਰ
ਅਮਰੀਕਾ: ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਿਆ ਹੈ । ਅਦਾਲਤ ਨੇ ਹਸ਼ ਮਨੀ ਮਾਮਲੇ ਦੇ ਸਾਰੇ 34 ਮਾਮਲਿਆਂ ਵਿੱਚ ਡੋਨਾਲਡ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਹੈ । ਟਰੰਪ ਨੂੰ ਅਡਲਟ ਸਟਾਰ ਸਟੌਰਮੀ ਡੈਨੀਅਲਸ ਨੂੰ ਚੁੱਪ ਕਰਾਉਣ ਲਈ ਕੀਤੇ ਗਏ ਭੁਗਤਾਨਾਂ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਾਂ ਵਿੱਚ ਹੇਰਾਫੇਰੀ ਕਰਨ ਦੇ 34 ਮਾਮਲਿਆਂ ਦਾ ਦੋਸ਼ੀ ਪਾਇਆ ਗਿਆ ਹੈ। ਰਿਪਬਲਿਕਨ ਪਾਰਟੀ ਦੇ ਸੀਨੀਅਰ ਨੇਤਾ ਦੀ ਸਜ਼ਾ ‘ਤੇ ਹੁਣ 11 ਜੁਲਾਈ 2024 ਨੂੰ ਸੁਣਵਾਈ ਹੋਵੇਗੀ।
ਜਿਊਰੀ ਦੇ ਫੈਸਲੇ ਦੀ ਟਰੰਪ ਨੇ ਸਖ਼ਤ ਨਿੰਦਾ ਕਰਦਿਆਂ ਇਸ ਨੂੰ “ਨਿਰਾਸ਼ਾਜਨਕ” ਕਰਾਰ ਦਿੱਤਾ ਤੇ ਇਸ ਨੂੰ “ਧਾਂਧਲੀ” ਕਿਹਾ। ਟਰੰਪ ਨੇ ਅਦਾਲਤ ਤੋਂ ਬਾਹਰ ਜਾਣ ਮਗਰੋਂ ਕਿਹਾ ਕਿ ਮੈਂ ਬਹੁਤ ਬੇਕਸੂਰ ਆਦਮੀ ਹਾਂ। ਉਨ੍ਹਾਂ ਕਿਹਾ ਕਿ ਅਸਲ ਫੈਸਲਾ 5 ਨਵੰਬਰ ਨੂੰ ਜਨਤਾ ਹੀ ਲੈਣ ਵਾਲੀ ਹੈ। ਟਰੰਪ ਨੇ ਮੈਨਹਟਨ ਜ਼ਿਲ੍ਹਾ ਅਟਾਰਨੀ ਅਤੇ ਬਾਈਡਨ ਪ੍ਰਸ਼ਾਸਨ ਦੀ ਵੀ ਆਲੋਚਨਾ ਕੀਤੀ, ਕੇਸ ‘ਤੇ ਉਸ ਦੇ ਪ੍ਰਭਾਵ ਦੇ ਬੇਬੁਨਿਆਦ ਦਾਅਵੇ ਕੀਤੇ ।
ਡੋਨਾਲਡ ਟਰੰਪ ‘ਤੇ 2016 ਦੇ ਰਾਸ਼ਟਰਪਤੀ ਚੋਣ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਗੈਰ-ਕਾਨੂੰਨੀ ਸਾਜ਼ਿਸ਼ ਵਿੱਚ ਹਿੱਸਾ ਲੈਣ ਅਤੇ ਅਡਲਟ ਸਟਾਰ ਨੂੰ ਹਸ਼ ਮਨੀ ਭੁਗਤਾਨਾਂ ਸਮੇਤ ਨਕਾਰਾਤਮਕ ਜਾਣਕਾਰੀ ਨੂੰ ਦਬਾਉਣ ਲਈ ਇੱਕ ਗੈਰ-ਕਾਨੂੰਨੀ ਸਾਜ਼ਿਸ਼ ਵਿੱਚ ਹਿੱਸਾ ਲੈਣ ਦਾ ਦੋਸ਼ ਲਗਾਇਆ ਗਿਆ ਹੈ। ਦੱਸ ਦੇਈਏ ਕਿ ਰਾਜਨੀਤਿਕ ਮਾਹਿਰਾਂ ਅਨੁਸਾਰ ਯੂਐੱਸ ਵਿੱਚ ਕਿਸੇ ਸਾਬਕਾ ਰਾਸ਼ਟਰਪਤੀ ਜਾਂ ਪਾਰਟੀ ਦੇ ਨੇਤਾ ਦੀ ਅਪਰਾਧਿਕ ਸਜ਼ਾ ਅਨੋਖੀ ਹੈ। ਹਾਲਾਂਕਿ ਡੋਨਾਲਡ ਟਰੰਪ ਜੋ 2024 ਦੀਆਂ ਰਾਸਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਸੰਭਾਵਿਤ ਉਮੀਦਵਾਰ ਹਨ, ਹਾਲੇ ਵੀ ਇਸ ਰੇਸ ਵਿੱਚ ਬਣੇ ਰਹਿ ਸਕਦੇ ਹਨ।