Punjab: ਪੰਜਾਬ ਦੀਆਂ 13 ਸੀਟਾਂ ‘ਤੇ ਭਲਕੇ ਹੋਵੇਗੀ ਵੋਟਿੰਗ, 2 ਕਰੋੜ ਤੋਂ ਵੱਧ ਵੋਟਰ 328 ਉਮੀਦਵਾਰ
ਜਲੰਧਰ: ਪੰਜਾਬ ‘ਚ ਭਲਕੇ ਵੋਟਿੰਗ ਹੋਣੀ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਤੇ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 2 ਕਰੋੜ ਤੋਂ ਜ਼ਿਆਦਾ ਵੋਟਰ ਕਰਨਗੇ। ਚੋਣ ਕਮਿਸ਼ਨ ਵੱਲੋਂ ਵੋਟਿੰਗ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਚੋਣ ਕਮਿਸ਼ਨ ਮੁਤਾਬਕ ਵੋਟਰਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਅਜਿਹੇ ਦਸਤਾਵੇਜ਼ ਹਨ ਜਿਨ੍ਹਾਂ ਜ਼ਰੀਏ ਲੋਕ ਵੋਟ ਕਰ ਸਕਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਸੇਵਾਂ ਪਛਾਣ ਪੱਤਰ, ਬੈਂਕ/ਡਾਕ ਘਰ ਵੱਲੋਂ ਜਾਰੀ ਕੀਤੀ ਗਈ ਫੋਟੋ ਲੱਗੀ ਪਾਸਬੁੱਕ, ਪੈਨਕਾਰਡ, ਐੱਨਪੀਆਰ ਤਹਿਤ ਆਰ.ਜੀਆਈ. ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਕਾਰਡ, ਲੇਬਰ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਫੋਟੋ ਸਣੇ ਪੈਨਸ਼ਨ ਦਸਤਾਵੇਜ਼, MP/MLA/MLC ਵੱਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ, ਸਮਾਜਿਕ ਨਿਆਂ ਤੇ ਸਸ਼ਕੀਤਕਰਨ ਮੰਤਰਾਲੇ, ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ UDID ਕਾਰਡ ਤੇ ਆਧਾਰ ਕਾਰਡ ਸ਼ਾਮਲ ਹੈ।
ਗਰਮੀ ਕਾਰਨ ਵੋਟਰਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਵੋਟਿੰਗ ਸੈਂਟਰ ‘ਤੇ ਮਿੱਠੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ।ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਕੂਲਰ ਤੇ ਪੱਖੇ ਲਗਾਏ ਜਾਣਗੇ ਤਾਂ ਕਿ ਵੋਟਰਾਂ ਨੂੰ ਗਰਮੀ ਨਾ ਸਹਿਣ ਕਰਨੀ ਪਵੇ। ਡ੍ਰੋਨ ਤੇ ਸੀਸੀਟੀਵੀ ਜ਼ਰੀਏ ਬੂਥ ਵਾਲੇ ਇਲਾਕੇ ‘ਤੇ ਚੋਣ ਕਮਿਸ਼ਨ ਨਜ਼ਰ ਰੱਖੇਗਾ। ਸ਼ਰਾਬ ਤੇ ਨਕਦੀ ਪੋਲਿੰਗ ਬੂਥ ਨੇੜੇ ਲਿਆਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੈ।