ਕੈਨੇਡਾ ’ਚ ਰਹਿ ਰਹੇ ਵਿਦਿਆਰਥੀਆਂ ਨੂੰ ਹੁਣ ਨਹੀਂ ਪਵੇਗੀ ਪੁਲਸ ਵੈਰੀਫਿਕੇਸ਼ਨ ਦੀ ਲੋੜ
ਓਟਵਾ: ਕੈਨੇਡਾ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਵੀਜ਼ਾ ਨਿਯਮਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ, ਇਸੇ ਦੌਰਾਨ ਸਰਕਾਰ ਵਲੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਕਿਹਾ ਕਿ ਇਥੇ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਅਸਥਾਈ ਠਹਿਰਨ ਲਈ ਪੁਲਸ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ। ਬਾਕੀ ਹੋਰ ਕੈਟੇਗਰੀ ਦੇ ਲੋਕਾਂ ’ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ, ਭਾਵ ਉਨ੍ਹਾਂ ਨੂੰ ਪੁਲਸ ਵੈਰੀਫਿਕੇਸ਼ਨ ਸਰਟੀਫਿਕੇਟ ਜਮ੍ਹਾ ਕਰਨਾ ਹੋਵੇਗਾ।
ਕੈਨੇਡਾ ਦੀ ਸੰਸਦ ਵਿਚ ਇਸਨੂੰ ਲੈ ਕੇ ਬਹਿਸ ਚਲ ਰਹੀ ਸੀ, ਜਿਸ ਵਿਚ ਭਾਰਤੀ ਕੈਨੇਡਾਈ ਸੰਸਦ ਮੈਂਬਰ ਅਰਪਣ ਖੰਨਾ ਨੇ ਇਸਨੂੰ ਲੈ ਕੇ ਸਵਾਲ ਪੁੱਛਿਆ, ਜਿਸ ’ਤੇ ਜਵਾਬ ਦਿੰਦੇ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਅਸਥਾਈ ਨਿਵਾਸੀਆਂ ਲਈ ਅਜਿਹੇ ਸਰਟੀਫਿਕੇਟ ਜ਼ਰੂਰੀ ਹਨ। ਕਿਸੇ ਵੀ ਕੌਮਾਂਤਰੀ ਵਿਅਕਤੀ ਦਾ ਵੈਰੀਫਿਕੇਸ਼ਨ ਬਾਇਓਮੈਟ੍ਰਿਕ ਡਾਟਾ, ਫਿੰਗਰਪ੍ਰਿੰਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਨਿਯਮਤ ਤੌਰ ’ਤੇ ਅਸਥਾਈ ਨਿਵਾਸੀਆਂ ਲਈ ਇਹ ਜ਼ਰੂਰ ਨਹੀਂ ਹੈ। ਮਿਲਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋੜ ਪੈਣ ’ਤੇ ਅਧਿਕਾਰੀ ਸੁਰੱਖਿਆ ਜਾਂਚ ਦੇ ਤਹਿਤ ਪੁੱਛਗਿੱਛ ਕਰ ਸਕਦਾ ਹੈ, ਜਿਸਦੇ ਲਈ ਉਸਨੂੰ ਤਿਆਰ ਰਹਿਣਾ ਹੋਵੇਗਾ।
ਹਾਲ ਹੀ ਵਿਚ ਕੈਨੇਡਾ ਵਿਚ ਅਪ੍ਰਵਾਸੀਆਂ ਨਾਲ ਸਬੰਧਤ ਕ੍ਰਾਈਮ ਦੇ ਕੇਸ ਸਾਹਮਣੇ ਆਏ ਹਨ। ਇਸਨੂੰ ਲੈ ਕੇ ਹੀ ਕੌਮਾਂਤਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸੀਆਂ ਦੀ ਸੁਰੱਖਿਆ ਜਾਂਚ ਦੇ ਮੁੱਦੇ ’ਤੇ ਚੱਲ ਰਹੀ ਬਹਿਸ ਦੌਰਾਨ ਮਿਲਰ ਨੇ ਇਹ ਗੱਲਾਂ ਕਹੀਆਂ।