Students: ਕੈਨੇਡਾ ’ਚ ਰੋਸ ਮੁਜ਼ਾਹਰਾਕਾਰੀ ਭਾਰਤੀ ਵਿਦਿਆਰਥੀਆਂ ਦੀ ਭੁੱਖ ਹੜਤਾਲ ਸ਼ੁਰੂ
ਪ੍ਰਿੰਸ ਐਡਵਰਡ ਆਈਲੈਂਡ: ਕੈਨੇਡੀਅਨ ਸੂਬੇ ਪ੍ਰਿੰਸ ਐਡਵਰਡ ਆਈਲੈਂਡ ’ਚ ਉਚੇਰੀ ਸਿਖਿਆ ਹਾਸਲ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਹੁਣ ਮੁਕੰਮਲ ਭੁੱਖ ਹੜਤਾਲ ਕਰ ਦਿਤੀ ਹੈ। ਦਰਅਸਲ, ਇਨ੍ਹਾਂ ਵਿਦਿਆਰਥੀਆਂ ਦੇ ਸਿਰ ’ਤੇ ਕੈਨੇਡਾ ਤੋਂ ਡੀਪੋਰਟ ਕਰ ਕੇ ਭਾਰਤ ਵਾਪਸ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ।
ਪਿਛਲੇ ਕਈ ਦਿਨਾਂ ਤੋਂ ਇਹ ਵਿਦਿਆਰਥੀ ਰੋਸ ਮੁਜ਼ਾਹਰੇ ਕਰਦੇ ਆ ਰਹੇ ਸਨ। ਫਿਰ 24 ਜੂਨ ਤੋਂ ਇਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਸੀ ਪਰ ਮੰਗਲਵਾਰ, 28 ਮਈ ਤੋਂ ਉਹ ਚੌਵੀ ਘੰਟਿਆਂ ਲਈ ਮੁਕੰਮਲ ਭੁੱਖ ਹੜਤਾਲ ’ਤੇ ਚਲੇ ਗਏ ਹਨ।
ਕੈਨੇਡਾ ਦੇ ਸਰਕਾਰੀ ਚੈਨਲ ਸੀਬੀਸੀ ਦੀ ਰਿਪੋਰਟ ਅਨੁਸਾਰ ਹੁਣ ਰੋਸ ਮੁਜ਼ਾਹਰਾਕਾਰੀ ਵਿਦਿਆਰਥੀ ਪਾਣੀ ਤਕ ਵੀ ਨਹੀਂ ਲੈ ਰਹੇ, ਜਿਸ ਕਾਰਣ ਉਨ੍ਹਾਂ ਦੀਆਂ ਜਾਨਾਂ ਨੂੰ ਵੀ ਖ਼ਤਰਾ ਹੈ। ਪ੍ਰਿੰਸ ਐਡਵਰਡ ਆਈਲੈਂਡ ਦੀ ਸਰਕਾਰ ਵਲੋਂ ਮੌਜੂਦਾ ਵਰ੍ਹੇ 2024 ਵਾਸਤੇ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਲਈ ਵਰਕਰਾਂ ਦੀ ਗਿਣਤੀ 2,100 ਤੋਂ ਘਟਾ ਕੇ 1,600 ਕਰ ਦਿਤੀ ਗਈ ਹੈ। ਇੰਝ ਕਾਮਿਆਂ ਦੀ ਗਿਣਤੀ ’ਚ 25 ਫ਼ੀ ਸਦੀ ਕਮੀ ਆ ਜਾਵੇਗੀ।
ਇਕ ਪ੍ਰਦਰਸ਼ਨਕਾਰੀ ਵਿਦਿਆਰਥੀ ਜਸਪ੍ਰੀਤ ਸਿੰਘ ਸਿਵੀਆ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੀ ਹੈ, ਜਿਹੜੇ ਪਹਿਲਾਂ ਤੋਂ ਹੀ ਕੈਨੇਡਾ ਦੀ ਪੀਆਰ ਹਾਸਲ ਕਰਨ ਦੀ ਪ੍ਰਕਿਰਿਆ ’ਚ ਸਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੇ ਕੰਨਾਂ ’ਤੇ ਜੂੰ ਨਾ ਸਰਕੀ, ਤਾਂ ਭੁੱਖ ਹੜਤਾਲ ਰੋਜ਼ਾਨਾ ਕਰ ਦਿਤੀ ਜਾਵੇਗੀ। ਇਸ ਕੈਨੇਡੀਅਨ ਸੂਬੇ ਦੇ ਇਮੀਗ੍ਰੇਸ਼ਨ ਨਿਯਮ ਬਦਲ ਜਾਣ ਕਾਰਣ 50 ਵਿਦਿਆਰਥੀਆਂ ਨੂੰ ਕੈਨੇਡਾ ਤੋਂ ਭਾਰਤ ਪਰਤਣਾ ਪਿਆ ਹੈ।