ਸਰਵੇਖਣ ਆ ਗਏ ਹਨ, ਲੋਕਾਂ ਨੇ ਫ਼ੈਸਲਾ ਕਰ ਲਿਆ, ‘ਆਪ’ 13-0 ਨਾਲ ਜਿੱਤ ਰਹੀ ਹੈ: ਭਗਵੰਤ ਮਾਨ
ਚੰਡੀਗੜ੍ਹ/ਸ੍ਰੀ ਆਨੰਦਪੁਰ ਸਾਹਿਬ: ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਆਪ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ। ਪਹਿਲਾਂ ਮੁੱਖ ਮੰਤਰੀ ਨੇ ਮੋਰਿੰਡਾ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂਆਂ ‘ਤੇ ਹਮਲਾ ਬੋਲਿਆ ਅਤੇ ਆਪਣੇ ਦੋ ਸਾਲਾਂ ਦੇ ਕੰਮਾਂ ਦਾ ਜ਼ਿਕਰ ਕੀਤਾ। ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਨਾਲ ਨੰਗਲ, ਬੰਗਾ ਅਤੇ ਬਲਾਚੌਰ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰ ਦੀ ਹਮਾਇਤ ਕਰਕੇ ਉਸ ਨੂੰ ਆਪਣੇ ਨੁਮਾਇੰਦੇ ਵਜੋਂ ਸੰਸਦ ਵਿੱਚ ਭੇਜਣ।
ਨੰਗਲ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਸਰਵੇ ਆ ਰਹੇ ਹਨ, ਪੰਜਾਬ ਦੇ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ, ਪੰਜਾਬ ਵਿੱਚ ਆਮ ਆਦਮੀ ਪਾਰਟੀ 13-0 ਨਾਲ ਜਿੱਤ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਲਵਿੰਦਰ ਕੰਗ ਨੂੰ ਭਾਰੀ ਵੋਟਾਂ ਨਾਲ ਜਿਤਾਉਣ। ਉਨ੍ਹਾਂ ਕਿਹਾ ਕਿ ਮਲਵਿੰਦਰ ਕੰਗ ਨੂੰ ਪਾਰਲੀਮੈਂਟ ਵਿੱਚ ਭੇਜੋ, ਫਿਰ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ, ਅਸੀਂ ਮਿਲ ਕੇ ਸ੍ਰੀ ਆਨੰਦਪੁਰ ਸਾਹਿਬ ਲਈ ਕੰਮ ਕਰਾਂਗੇ। ਮਾਨ ਨੇ ਵਾਅਦਾ ਕੀਤਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਨੂੰ ਇੱਕ ਮਾਡਲ ਟੂਰਿਜ਼ਮ ਸਪਾੱਟ ਬਣਾਉਣਗੇ।
ਬੰਗਾ ਵਿੱਚ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਹਰਾਉਣ ਅਤੇ ‘ਆਪ’ ਦੇ ਉਮੀਦਵਾਰ ਨੂੰ ਚੁਣਨ। ਉਨ੍ਹਾਂ ਕਿਹਾ ਕਿ 1 ਜੂਨ ਤੋਂ ਬਾਅਦ ਲੋਕਾਂ ਦੀ ਜ਼ਿੰਮੇਵਾਰੀ ਪੂਰੀ ਹੋ ਜਾਵੇਗੀ ਅਤੇ ਉਨ੍ਹਾਂ (ਮਾਨ) ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂ ਆਪਣੇ ਸਵਾਰਥ ਲਈ ਵੋਟਾਂ ਮੰਗ ਰਹੇ ਹਨ, ਮੈਂ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਵੋਟਾਂ ਮੰਗ ਰਿਹਾ ਹਾਂ। ਮਾਨ ਨੇ ਕਿਹਾ ਮੈਂ ਸਿਰਫ 20-25 ਦਿਨਾਂ ਵਿੱਚ 100 ਤੋਂ ਵੱਧ ਰੈਲੀਆਂ ਕੀਤੀਆਂ, ਹਰ ਲੋਕ ਸਭਾ ਸੀਟ ‘ਤੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਕਦਮ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਪੂਰਾ ਕਰਨਾ ਹੋਵੇਗਾ ਅਤੇ ਹੁਣ ਔਰਤਾਂ ਨੂੰ 1000 ਰੁਪਏ ਦੇ ਬਜਾਏ 1100 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਅਤੇ ਇਸ ਨੂੰ ਲੋਕਾਂ ‘ਤੇ ਹੀ ਖ਼ਰਚ ਕੀਤਾ ਜਾਵੇਗਾ। ਮਾਨ ਨੇ ਲੋਕਾਂ ਨੂੰ 1 ਜੂਨ ਨੂੰ ਗਰਮੀ ਤੋਂ ਬਚਣ ਦੀ ਵੀ ਸਲਾਹ ਦਿੱਤੀ ਅਤੇ ਕਿਹਾ ਕਿ ਤੁਹਾਡੀ ਵੋਟ ਤੁਹਾਡੇ ਬੱਚਿਆਂ ਦਾ ਭਵਿੱਖ ਤੈਅ ਕਰੇਗੀ।
ਬਲਾਚੌਰ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਪਿਆਰ ਅਤੇ ਸਹਿਯੋਗ ਲਈ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਤਾਪਮਾਨ 45 ਡਿਗਰੀ ਹੈ, ਇਸ ਲਈ ਸਿਆਸਤਦਾਨ ਆਪਣੇ ਘਰਾਂ ਤੋਂ ਬਾਹਰ ਹੀ ਨਹੀਂ ਨਿਕਲ ਰਹੇ, ਲੋਕ ਪੈਸੇ ਲੈ ਕੇ ਵੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ, ਪਰੰਤੂ ਉਹ ਗਰਮੀ ਦੇ ਬਾਵਜੂਦ ਰੋਜ਼ਾਨਾ 5-7 ਰੋਡ ਸ਼ੋਅ ਅਤੇ ਰੈਲੀਆਂ ਕਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਦੇ ਪੰਜਾਬ ਤੋਂ ਰਾਜ ਸਭਾ ‘ਚ 7 ਮੈਂਬਰ ਹਨ ਅਤੇ ਜਲਦ ਹੀ ਪੰਜਾਬ ਦੇ 13 ਲੋਕ ਸਭਾ ਮੈਂਬਰ ਪਾਰਲੀਮੈਂਟ ‘ਚ ਕੇਂਦਰ ਸਰਕਾਰ ਤੋਂ ਤੁਹਾਡੇ ਫੰਡ ਜਾਰੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ‘ਝਾੜੂ’ ਦਾ ਬਟਨ 4 ਨੰਬਰ ਉੱਤੇ ਹੋਵੇਗਾ ਪਰ ਨਤੀਜੇ ਵਾਲੇ ਦਿਨ ਇਹ ਯਕੀਨੀ ਬਣਾਓ ਕਿ ਇਹ ਪਹਿਲੇ ਨੰਬਰ ਤੇ ਆਵੇ। ਮਾਨ ਨੇ ਕਿਹਾ ਕਿ 4 ਜੂਨ ਤੋਂ ਬਾਅਦ ਲੋਕਾਂ ਦੀ ਜ਼ਿੰਮੇਵਾਰੀ ਖ਼ਤਮ ਹੋ ਜਾਵੇਗੀ ਅਤੇ ਫਿਰ ਸਾਰੀ ਜ਼ਿੰਮੇਵਾਰੀ ਮਾਨ ਅਤੇ ਕੰਗ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਮੁੜ ‘ਸੋਨੇ ਦੀ ਚਿੜੀ’ ਬਣਾ ਦੇਵੇਗੀ।
ਮਾਨ ਨੇ ਕਿਹਾ ਕਿ ਉਹ ਇਕੱਲਿਆਂ ਹੀ ਕੇਂਦਰ ਅਤੇ ਰਾਜਪਾਲ ਖ਼ਿਲਾਫ਼ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ 13 ਹੋਰ ਹੱਥ ਦੇ ਕੇ ਮਜ਼ਬੂਤ ਕਰੋ ਅਸੀਂ ਲੋਕ ਸਭਾ ‘ਚ ਤੁਹਾਡੀ ਆਵਾਜ਼ ਬੁਲੰਦ ਕਰਾਂਗੇ। ਮਾਨ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਨਹੀਂ, ਇੰਡੀਆ ਗੱਠਜੋੜ ਦੀ ਸਰਕਾਰ ਬਣ ਰਹੀ ਹੈ ਅਤੇ ‘ਆਪ’ ਉਸ ਵਿਚ ਸਹਿਯੋਗੀ ਹੋਵੇਗੀ। ਮਾਨ ਨੇ ਆਪਣੇ ਰੋਡ ਸ਼ੋਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਵੀ ਹਮਲਾ ਬੋਲਿਆ।
ਮੈਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਦਾ ਮਾਣ ਬਖ਼ਸ਼ੋ, ਮੈਂ ਤੁਹਾਡੇ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ: ਮਲਵਿੰਦਰ ਸਿੰਘ ਕੰਗ
‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਕੰਗ ਨੇ ਕਿਹਾ ਕਿ ਮੈਨੂੰ ਆਨੰਦਪੁਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਦਾ ਮਾਣ ਬਖ਼ਸ਼ੋ। ਉਹ ਇਲਾਕੇ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ।