ਏਜੰਟ ਨੇ ਕੈਨੇਡਾ ਦਾ ਸੁਪਨਾ ਦਿਖਾ ਕੇ ਮਾਂ -ਪੁੱਤ ਨੂੰ ਅਫਗਾਨਿਸਤਾਨ ਛੱਡਿਆ,ਡੇਢ ਸਾਲ ਬਾਅਦ ਪਾਕਿਸਤਾਨ ਤੋਂ ਭਾਰਤ ਪਰਤੇ
ਕਵੇਟਾ: ਆਸਾਮ ਦੀ ਮਹਿਲਾ ਵਹੀਦਾ ਬੇਗਮ ਕਰੀਬ ਡੇਢ ਸਾਲ ਤੱਕ ਪਾਕਿਸਤਾਨ ਦੀ ਹਿਰਾਸਤ ‘ਚ ਰਹਿਣ ਤੋਂ ਬਾਅਦ ਅੱਜ ਆਪਣੇ 11 ਸਾਲਾ ਬੇਟੇ ਫੈਜ਼ ਖਾਨ ਨਾਲ ਭਾਰਤ ਪਰਤ ਆਈ ਹੈ। ਅਟਾਰੀ ਸਰਹੱਦ ਰਾਹੀਂ ਭਾਰਤ ਪਰਤਣ ਵਾਲੀ ਵਹੀਦਾ ਵੀ ਭਾਰਤ ਦੇ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੇ ਉਸ ਨੂੰ ਕੈਨੇਡਾ ਦੇ ਸੁਪਨੇ ਦਿਖਾਏ ਅਤੇ ਉਸ ਨੂੰ ਉਸ ਦੇ ਪੁੱਤਰ ਨਾਲ ਅਫਗਾਨਿਸਤਾਨ ਛੱਡ ਦਿੱਤਾ।
ਬੇਗਮ ਅਤੇ ਉਸ ਦੇ ਪੁੱਤਰ ਨੂੰ ਵੈਧ ਪਾਸਪੋਰਟ ਅਤੇ ਵੀਜ਼ਾ ਨਾ ਹੋਣ ਕਾਰਨ ਨਵੰਬਰ 2022 ਤੋਂ ਕਵੇਟਾ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਸ ਦੀ ਹਿਰਾਸਤ ਬਾਰੇ ਸਭ ਤੋਂ ਪਹਿਲਾਂ ਅਸਾਮ ਦੇ ਨਾਗਾਓਂ ਵਿੱਚ ਵਹੀਦਾ ਦੇ ਪਰਿਵਾਰ ਨੂੰ ਫੋਨ ਕਾਲ ਰਾਹੀਂ ਦੱਸਿਆ ਗਿਆ। ਇਸ ਤੋਂ ਬਾਅਦ ਪਾਕਿਸਤਾਨ ਦੀ ਇੱਕ ਅਦਾਲਤ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ।
ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੇ ਨੇੜੇ ਕਵੇਟਾ ਵਿੱਚ ਉਸਦੇ ਪਹੁੰਚਣ ਦੇ ਹਾਲਾਤ ਸਪੱਸ਼ਟ ਨਹੀਂ ਹਨ। ਸਥਾਨਕ ਵਕੀਲ ਸੰਤੋਸ਼ ਕੁਮਾਰ ਸੁਮਨ ਦੇ ਯਤਨਾਂ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੀ ਸ਼ਮੂਲੀਅਤ ਤੋਂ ਬਾਅਦ ਉਸ ਦੀ ਰਿਹਾਈ ਵਿਚ ਤੇਜ਼ੀ ਆਈ।
ਅਸਾਮ ਦੀ ਵਹੀਦਾ ਬੇਗਮ ਨੇ ਭਾਰਤ ਆਉਣ ਤੋਂ ਬਾਅਦ ਆਪਣੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਉਹ ਅਤੇ ਉਸਦੇ ਪੁੱਤਰ ਨੇ 7 ਦਿਨ ਦੁਬਈ ਅਤੇ 7 ਦਿਨ ਕੰਧਾਰ ਵਿੱਚ ਬਿਤਾਏ। ਉਨ੍ਹਾਂ ਨੂੰ ਚਮਨ ਸਰਹੱਦ ਪਾਰ ਕਰਨ ਲਈ ਮਜਬੂਰ ਕੀਤਾ ਗਿਆ। ਜਿੱਥੇ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ। ਗਡਾਨੀ ਜੇਲ੍ਹ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਉਸ ਨੇ ਕਰੀਬ 6 ਮਹੀਨੇ ਕਵੇਟਾ ਜੇਲ੍ਹ ਵਿੱਚ ਬਿਤਾਏ। ਲਾਂਡੀ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਨੇ ਭਾਰਤੀ ਕੌਂਸਲੇਟ ਤੱਕ ਪਹੁੰਚ ਕੀਤੀ।
ਆਸਾਮ ਦੀ ਰਹਿਣ ਵਾਲੀ ਵਹੀਦਾ ਬੇਗਮ ਅਤੇ ਉਸ ਦੇ ਬੇਟੇ ਨੂੰ ਇੱਕ ਟਰੈਵਲ ਏਜੰਟ ਨੇ ਧੋਖਾ ਦਿੱਤਾ ਸੀ। ਜਿਸ ਤੋਂ ਬਾਅਦ ਉਹ ਅਫਗਾਨਿਸਤਾਨ ਪਹੁੰਚ ਗਏ ਅਤੇ ਫਿਰ ਅਫਗਾਨ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਪਾਕਿਸਤਾਨੀ ਸੀਮਾ ‘ਚ ਧੱਕ ਦਿੱਤਾ।
ਜਾਣਕਾਰੀ ਅਨੁਸਾਰ ਵਹੀਦਾ ਅਤੇ ਉਸ ਦੇ 11 ਸਾਲ ਦੇ ਬੇਟੇ ਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ। ਭਾਰਤ ਸਰਕਾਰ ਦੇ ਯਤਨਾਂ ਅਤੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਮਦਦ ਨਾਲ ਵਹੀਦਾ ਕਰੀਬ ਡੇਢ ਸਾਲ ਬਾਅਦ ਵਾਪਸ ਆਈ ਹੈ। ਵਹੀਦਾ ਅਤੇ ਉਸ ਦੇ ਪੁੱਤਰ ਦੇ ਨਾਲ ਤਿੰਨ ਹੋਰ ਭਾਰਤੀ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ।