ਨਾਗਰਿਕਤਾ ਸਬੰਧੀ ਨਿਯਮ ਬਦਲੇਗੀ ਸਰਕਾਰ, ਭਾਰਤੀ ਪਰਵਾਸੀਆਂ ਨੂੰ ਚੜਿਆ ਚਾਅ
ਕੈਨੇਡਾ: ਕੈਨੇਡਾ ਦੀ ਸਰਕਾਰ ਨਾਗਰਿਕਤਾ ਸਬੰਧੀ ਕਾਨੂੰਨ ਵਿਚ ਵੱਡੇ ਬਦਲਾਅ ਕਰਨ ਜਾ ਰਹੀ ਹੈ। ਭਾਵੇਂ ਕੈਨੇਡੀਅਨ ਨਾਗਰਿਕਾਂ ਦੇ ਬੱਚੇ ਕੈਨੇਡਾ ਤੋਂ ਬਾਹਰ ਪੈਦਾ ਹੋਏ ਹੋਣ, ਫਿਰ ਵੀ ਉਹ ਕੈਨੇਡਾ ਦੀ ਨਾਗਰਿਕਤਾ ਦੇ ਹੱਕਦਾਰ ਹੋਣਗੇ। ਸਰਕਾਰ ਦੇ ਪ੍ਰਸਤਾਵਿਤ ਸੋਧ ਮੁਤਾਬਕ 2009 ਤੋਂ ਬਾਅਦ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੇ ਕੈਨੇਡੀਅਨਾਂ ਨੂੰ ਕੈਨੇਡੀਅਨ ਨਾਗਰਿਕਤਾ ਮਿਲੇਗੀ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪੇਸ਼ ਕੀਤੇ ਗਏ ਕਾਨੂੰਨ ਮੁਤਾਬਕ ਇਹ ਕਾਨੂੰਨ ਵੰਸ਼ ਦੇ ਆਧਾਰ ‘ਤੇ ਪਹਿਲੀ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲਾਗੂ ਹੋਵੇਗਾ। ਇਸ ਖ਼ਬਰ ਦਾ ਭਾਰਤੀ ਪਰਵਾਸੀਆਂ ਸਮੇਤ ਬਹੁਤ ਸਾਰੇ ਪ੍ਰਵਾਸੀਆਂ ਨੇ ਸਵਾਗਤ ਕੀਤਾ ਹੈ।
ਨਾਗਰਿਕਤਾ ਕਾਨੂੰਨ ਵਿੱਚ 2009 ਵਿੱਚ ਸੋਧ ਕੀਤੀ ਗਈ ਸੀ ਤਾਂ ਜੋ ਵੰਸ਼ ਦੇ ਆਧਾਰ ‘ਤੇ ਨਾਗਰਿਕਤਾ ਵਿੱਚ ‘ਪਹਿਲੀ ਪੀੜ੍ਹੀ ਦੀ ਸੀਮਾ’ ਸ਼ਾਮਲ ਕੀਤੀ ਜਾ ਸਕੇ। ਇਸਦਾ ਮਤਲਬ ਇਹ ਸੀ ਕਿ ਇੱਕ ਕੈਨੇਡੀਅਨ ਮਾਤਾ-ਪਿਤਾ ਕੈਨੇਡਾ ਤੋਂ ਬਾਹਰ ਪੈਦਾ ਹੋਏ ਬੱਚੇ ਨੂੰ ਤਾਂ ਹੀ ਨਾਗਰਿਕਤਾ ਦੇ ਸਕਦੇ ਹਨ ਜੇਕਰ ਮਾਤਾ ਜਾਂ ਪਿਤਾ ਜਾਂ ਤਾਂ ਕੈਨੇਡਾ ਵਿਚ ਪੈਦਾ ਹੋਇਆ ਹੋਵੇ ਜਾਂ ਬੱਚੇ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦਾ ਉਥੇ ਜਨਮ ਹੋਇਆ ਹੋਵੇ।