ਪਾਇਲ: ਪਾਇਲ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਸ ਨੇ ਭੈਣ-ਭਰਾ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 74 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਫਰਜ਼ੀ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ। ਬਾਅਦ ’ਚ ਮੁਲਜ਼ਮ ਦੀ ਪਛਾਣ ਸੁਖਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਢਢੋਗਲ, ਤਹਿਸੀਲ ਧੂਰੀ ਜ਼ਿਲਾ ਸੰਗਰੂਰ ਵਜੋਂ ਹੋਈ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਠਾਕੁਰ ਸਿੰਘ ਮੰਡੇਰ ਤੇ ਜਸਮੀਨ ਕੌਰ ਪੁੱਤਰੀ ਦਰਸ਼ਨ ਸਿੰਘ (ਦੋਵੇਂ ਭੈਣ-ਭਰਾ) ਵਾਸੀ ਪਿੰਡ ਜਰਗ, ਥਾਣਾ ਪਾਇਲ, ਜ਼ਿਲਾ ਲੁਧਿਆਣਾ ਨੇ ਪੰਜਾਬ ਪੁਲਸ ਦੇ ਪਬਲਿਕ ਸ਼ਿਕਾਇਤ ਪੋਰਟਲ ’ਤੇ ਸ਼ਿਕਾਇਤ ਨੰਬਰ 264245 ਮਿਤੀ 20.11.2023 ਦਰਜ ਕਰਵਾਈ ਕਿ ਮੁਲਜ਼ਮ ਸੁਖਦੀਪ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਨੇ ਉਨ੍ਹਾਂ ਦੀ 3 ਕਿੱਲੇ ਜ਼ਮੀਨ ਵਿਕਵਾ ਕੇ ਉਸ ਨੂੰ ਤੇ ਉਸ ਦੀ ਭੈਣ ਜਸਮੀਨ ਕੌਰ ਨੂੰ ਕੈਨੇਡਾ ਤੋਂ 10 ਸਾਲ ਦਾ ਮਲਟੀਪਲ ਵਿਜ਼ਟਰ ਵੀਜ਼ਾ ਤੇ ਵਰਕ ਪਰਮਿਟ ਤੇ ਇਕ ਸਾਲ ਦੇ ਅੰਦਰ ਹੀ ਪੀ. ਆਰ. ਲੈ ਕੇ ਦੇਣ ਲਈ ਲਿਖਤੀ ਸਮਝੌਤਾ ਕਰਕੇ 74 ਲੱਖ ਰੁਪਏ ਲੈ ਲਏ ਸਨ।
ਬਾਅਦ ’ਚ ਉਨ੍ਹਾਂ ਨੂੰ ਧੋਖਾਧੜੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਸ ਦੀ ਭੈਣ ਜੈਸਮੀਨ ਕੌਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਤੋਂ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ 14 ਸਤੰਬਰ 2023 ਤੇ 12 ਅਕਤੂਬਰ 2023 ਨੂੰ 2 ਵਾਰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਤੁਸੀਂ ਇਸ ਵੀਜ਼ੇ ’ਤੇ ਕੈਨੇਡਾ ਨਹੀਂ ਜਾ ਸਕਦੇ ਕਿਉਂਕਿ ਇਹ ਵੀਜ਼ਾ ਗਲਤ ਹੈ। ਬਾਅਦ ’ਚ ਉਨ੍ਹਾਂ ਨੇ ਮੁਲਜ਼ਮਾਂ ਤੋਂ ਵਾਰ-ਵਾਰ 74 ਲੱਖ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਨਾ ਤਾਂ ਰਕਮ ਵਾਪਸ ਕੀਤੀ ਤੇ ਨਾ ਹੀ ਪਾਸਪੋਰਟ ਤੇ ਹੋਰ ਸਬੰਧਤ ਦਸਤਾਵੇਜ਼ ਦਿੱਤੇ। ਇਸ ਦਰਖ਼ਾਸਤ ਦੀ ਪੜਤਾਲ ਡੀ. ਐੱਸ. ਪੀ. ਪਾਇਲ ਵਲੋਂ ਕਰਨ ਉਪਰੰਤ ਮੁਲਜ਼ਮਾਂ ਸੁਖਦੀਪ ਸਿੰਘ ਤੇ ਰਮਨਦੀਪ ਕੌਰ ਵਿਰੁੱਧ ਧਾਰਾ 406, 420 ਆਈ. ਪੀ. ਸੀ. ਤੇ ਇਮੀਗਰੇਸ਼ਨ ਐਕਟ 24 ਤਹਿਤ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕੀਤੀ ਗਈ।
ਇਸ ਸਬੰਧੀ ਥਾਣਾ ਪਾਇਲ ਦੇ ਐੱਸ. ਐਚ. ਓ. ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਸੁਖਦੀਪ ਸਿੰਘ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਇਲ ਪੁਲਸ ਪਿਛਲੇ ਕਾਫ਼ੀ ਸਮੇਂ ਤੋਂ ਇਸ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਸੀ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿਉਂਕਿ ਉਹ ਆਪਣੀ ਗ੍ਰਿਫ਼ਤਾਰੀ ਦੇ ਡਰੋਂ ਪਛਾਣ ਲੁਕੋ ਕੇ ਵੱਖ-ਵੱਖ ਥਾਵਾਂ ’ਤੇ ਰਹਿ ਰਹੇ ਸਨ। ਅਖੀਰ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ।
ਇਸ ਮਾਮਲੇ ਸਬੰਧੀ ਪੁਲਸ ਦੇ ਜਾਚ ਅਧਿਕਾਰੀ ਡੀ. ਐੱਸ. ਪੀ. ਪਾਇਲ ਨਿਖਿਲ ਗਰਗ ਨਾਲ ਗੱਲਬਾਤ ਕੀਤੀ ਗਈ ਤੇ ਜਾਂਚ ਦੌਰਾਨ ਮੁਲਜ਼ਮ ਤੋਂ ਕਿਸੇ ਵੀ ਵਸੂਲੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਪੁਲਸ ਸਿੱਧੇ ਬੈਂਕ ਖ਼ਾਤਿਆਂ ’ਚ ਜਮ੍ਹਾ ਹੋਏ ਪੈਸਿਆ ਨੂੰ ਵਾਪਸ ਨਹੀਂ ਕਰਵਾ ਸਕਦੀ।