ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ
ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ, ‘‘ਮੌਨਸੂਨ ਐਤਵਾਰ ਨੂੰ ਮਾਲਦੀਵ ਦੇ ਕੁੱਝ ਹਿੱਸਿਆਂ, ਕੋਮੋਰਿਨ ਖੇਤਰ ਅਤੇ ਦੱਖਣੀ ਬੰਗਾਲ ਦੀ ਖਾੜੀ, ਨਿਕੋਬਾਰ ਟਾਪੂ ਅਤੇ ਦੱਖਣੀ ਅੰਡੇਮਾਨ ਸਾਗਰ ਦੇ ਕੁੱਝ ਹਿੱਸਿਆਂ ਵਿੱਚ ਪਹੁੰਚ ਗਿਆ ਹੈ।’’ ਮੌਨਸੂਨ ਦੇ 31 ਮਈ ਨੂੰ ਕੇਰਲ ਪਹੁੰਚਣ ਦੀ ਉਮੀਦ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ 150 ਸਾਲਾਂ ਵਿੱਚ ਕੇਰਲ ਵਿੱਚ ਮੌਨਸੂਨ ਦੇ ਸ਼ੁਰੂ ਹੋਣ ਤਰੀਕ ਵੱਖੋ-ਵੱਖ ਰਹੀ ਹੈ। ਕੇਰਲ ਵਿੱਚ ਮੌਨਸੂਨ ਸਭ ਤੋਂ ਪੱਛੜ ਕੇ 1972 ਵਿੱਚ 18 ਜੂਨ ਅਤੇ ਸਭ ਤੋਂ ਪਹਿਲਾਂ 1918 ਵਿੱਚ 11 ਮਈ ਨੂੰ ਪਹੁੰਚਿਆ ਸੀ। ਜ਼ਿਕਰਯੋਗ ਹੈ ਕਿ ਦੇਸ਼ ਦਾ ਵੱਡਾ ਹਿੱਸਾ ਤੇਜ਼ ਗਰਮੀ ਦੀ ਲਪੇਟ ਵਿੱਚ ਹੈ ਅਤੇ ਕਈ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।