ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ
ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ ਭਾਰਤ ਨੇ ਅੱਜ ਉਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਮੱਧ ਏਸ਼ਿਆਈ ਦੇਸ਼ ਸਥਿਤ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਭਾਰਤੀ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਹੁਣ ‘ਸ਼ਾਂਤ’ ਹੈ।
ਮਿਸ਼ਨ ਨੇ ਸ਼ਹਿਰ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਦੂਤਘਰ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ, ‘‘ਬਿਸ਼ਕੇਕ ਵਿੱਚ ਭਾਰਤੀ ਵਿਦਿਆਰਥੀਆਂ ਦੀ ਭਲਾਈ ਲਈ ਕਦਮ ਚੁੱਕੇ ਜਾ ਰਹੇ ਹਨ। ਫਿਲਹਾਲ ਸਥਿਤੀ ਸ਼ਾਂਤੀਪੂਰਨ ਹੈ। ਵਿਦਿਆਰਥੀਆਂ ਨੂੰ ਦੂਤਘਰ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।’’
ਭਾਰਤੀ ਸਫ਼ਾਰਤਖ਼ਾਨੇ ਨੇ ਕਿਹਾ, ‘‘ਅਸੀਂ ਵਿਦਿਆਰਥੀਆਂ ਦੇ ਸੰਪਰਕ ਵਿੱਚ ਹਾਂ। ਫਿਲਹਾਲ ਸਥਿਤੀ ਸ਼ਾਂਤੀਪੂਰਨ ਹੈ ਪਰ ਵਿਦਿਆਰਥੀਆਂ ਨੂੰ ਇਸ ਸਮੇਂ ਘਰ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਿਸੇ ਵੀ ਮਾਮਲੇ ’ਤੇ ਦੂਤਘਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।’’ ‘ਦਿ ਟਾਈਮਜ਼ ਆਫ ਸੈਂਟਰਲ ਏਸ਼ੀਆ’ ਦੀ ਰਿਪੋਰਟ ਮੁਤਾਬਕ, ਕਿਰਗਿਜ਼ਸਤਾਨ ਦੀ ਰਾਜਧਾਨੀ ਦੇ ਇੱਕ ਹਿੱਸੇ ’ਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਵਿਚਕਾਰ ਕਥਿਤ ਝੜਪ ਕਾਰਨ ਹਾਲਾਤ ਤਣਾਅਪੂਰਨ ਹੋਣ ਮਗਰੋਂ ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ।