ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ
ਵੈਨਕੂਵਰ– ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ ‘ਤੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਉਥੇ ਹੀ ਕੈਨੇਡਾ ਵੀ ਧਰਮ ਦੀ ਸਿਆਸਤ ਤੋਂ ਅਛੂਤਾ ਨਹੀਂ ਹੈ। ਇਥੇ ਵੀ ਸਿੱਖਾਂ, ਮੁਸਲਮਾਨਾਂ, ਹਿੰਦੂਆਂ ਅਤੇ ਯਹੂਦੀਆਂ ਦੇ ਵੋਟ ਬੈਂਕਾਂ ’ਤੇ ਖ਼ੂਬ ਸਿਆਸਤ ਹੁੰਦੀ ਹੈ। ਕੈਨੇਡਾ ਵਿਚ ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸੱਤਾ ਬਚਾਉਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਘੜਨ ਵਿਚ ਲੱਗੇ ਹੋਏ ਹਨ। ਐਂਗਸ ਰੀਡ ਇੰਸਟੀਚਿਊਟ ਦੇ ਤਾਜ਼ਾ ਸਰਵੇਖਣ ਨੇ ਜਸਟਿਨ ਟਰੂਡੋ ਦੀ ਬੇਚੈਨੀ ਵਧਾ ਦਿੱਤੀ, ਜਿਸ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲ ਅਤੇ ਹਮਾਸ ਦੀ ਲੜਾਈ ਕਾਰਨ ਉਨ੍ਹਾਂ ਦੀ ਲਿਬਰਲ ਪਾਰਟੀ ਦੀ ਹਰਮਨਪਿਆਰਤਾ ਘਟੀ ਹੈ।
ਯਹੂਦੀਆਂ ਅਤੇ ਮੁਸਲਮਾਨਾਂ ਵਿਚਕਾਰ ਫਸੇ ਟਰੂਡੋ
ਚੋਣ ਸਾਲ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਾਲਤ ਅਜਿਹੀ ਹੈ ਕਿ ਉਹ ਯਹੂਦੀਆਂ ਅਤੇ ਮੁਸਲਮਾਨਾਂ ਵਿਚਕਾਰ ਫਸੇ ਹੋਏ ਹਨ ਅਤੇ ਸੰਤੁਲਨ ਬਣਾਈ ਰੱਖਣ ਤੋਂ ਅਸਮਰੱਥ ਹਨ। ਐਂਗਸ ਰੀਡ ਇੰਸਟੀਚਿਊਟ ਦੇ ਮੁਖੀ ਸ਼ਚੀ ਕਰਲ ਦੇ ਹਵਾਲਾ ਨਾਲ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਿਬਰਲਾਂ ਦੀ ਸਿਆਸਤ ਵਿਚ ਪ੍ਰਵਾਸੀਆਂ ਦੀ ਮਹੱਤਤਾ ਹੈ। ਅਜਿਹੇ ਵਿਚ ਇਹ ਕੋਈ ਬਹੁਤੀ ਚੰਗੀ ਸਥਿਤੀ ਨਹੀਂ ਲਗਦੀ ਹੈ। ਯਹੂਦੀ ਪ੍ਰਵਾਸੀ ਕਹਿ ਰਹੇ ਹਨ ਕਿ ਸਰਕਾਰ ਹਮਾਸ ਦੀ ਨਿੰਦਾ ਕਰਨ ਅਤੇ ਕੈਨੇਡਾ ਵਿਚ ਯਹੂਦੀ ਵਿਰੋਧੀ ਭਾਵਨਾ ਨੂੰ ਰੋਕਣ ਵਿਚ ਅਸਫ਼ਲ ਰਹੀ ਹੈ। ਮੁਸਲਿਮ ਆਬਾਦੀ ਦਾ ਮੰਨਣਾ ਹੈ ਕਿ ਟਰੂਡੋ ਸਰਕਾਰ ਨੇ ਗਾਜ਼ਾ ਵਿਚ ਇਜ਼ਰਾਈਲੀ ਰੱਖਿਆ ਬਲਾਂ ਦੇ ਹਮਲਿਆਂ ਦੀ ਖੁੱਲ੍ਹ ਕੇ ਆਲੋਚਨਾ ਨਹੀਂ ਕੀਤੀ ਹੈ।
ਸਿਰਫ਼ 33 ਫ਼ੀਸਦੀ ਯਹੂਦੀ ਹੀ ਟਰੂਡੋ ਦਾ ਪੱਖ ’ਚ
ਮੀਡੀਆ ਰਿਪੋਰਟਾਂ ਮੁਤਾਬਕ ਇਸ ਸਰਵੇ ’ਚ ਕਿਹਾ ਗਿਆ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੌਰਾਨ ਟਰੂਡੋ ਨੇ ਪ੍ਰਵਾਸੀਆਂ ਤੱਕ ਆਪਣੀ ਗੱਲ ਨਹੀਂ ਪਹੁੰਚਾਈ ਸੀ, ਜਿਸ ਕਾਰਨ ਲੋਕਾਂ ‘’ਚ ਨਾਰਾਜ਼ਗੀ ਹੈ। ਇਸ ਲਈ ਜਸਟਿਨ ਟਰੂਡੋ ਅਤੇ ਉਸ ਦੀ ਲਿਬਰਲ ਪਾਰਟੀ ਦੀ ਹਰਮਨਪਿਆਰਤਾ ਦੇਸ਼ ਦੇ ਮੁਸਲਮਾਨਾਂ ਅਤੇ ਯਹੂਦੀਆਂ ਵਿਚ ਘਟੀ ਹੈ।
ਹਾਲਾਂਕਿ ਕੁਝ ਸਮਾਂ ਪਹਿਲਾਂ ਤੱਕ ਟਰੂਡੋ ਇਨ੍ਹਾਂ ਭਾਈਚਾਰਿਆਂ ਦੀ ਪਹਿਲੀ ਪਸੰਦ ਬਣੇ ਹੋਏ ਸਨ। ਸ਼ਚੀ ਕਰਲ ਦਾ ਕਹਿਣਾ ਹੈ ਕਿ ਲਿਬਰਲਾਂ ਦੀ ਸਿਆਸਤ ਵਿਚ ਪ੍ਰਵਾਸੀ ਬੜੇ ਮਹੱਤਵਪੂਰਨ ਰਹੇ ਹਨ। ਅਜਿਹੇ ’ਚ ਟਰੂਡੋ ਲਈ ਇਹ ਸਥਿਤੀ ਚਿੰਤਾਜਨਕ ਹੈ। ਸੀ.ਬੀ.ਸੀ. ਸਰਵੇਖਣ ਦੀ ਰਿਪੋਰਟ ਮੁਤਾਬਕ 42 ਫ਼ੀਸਦੀ ਯਹੂਦੀ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਤਰਜੀਹ ਦਿੰਦੇ ਹਨ, ਜਦਕਿ 33 ਫ਼ੀਸਦੀ ਯਹੂਦੀ ਵੋਟਰਾਂ ਦਾ ਝੁਕਾਅ ਟਰੂਡੋ ਦੀ ਲਿਬਰਲ ਪਾਰਟੀ ਵੱਲ ਹੈ।
ਮੁਸਲਮਾਨ ਵੀ ਸਰਕਾਰ ਨਾਲ ਨਾਰਾਜ਼
ਸਰਵੇਖਣ ਵਿਚ ਕਿਹਾ ਗਿਆ ਹੈ ਕਿ ਟਰੂਡੋ ਦੀ ਪਾਰਟੀ ਕੈਨੇਡੀਅਨ ਮੁਸਲਮਾਨਾਂ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਤੋਂ 31 ਦੇ ਮੁਕਾਬਲੇ 41 ਫ਼ੀਸਦੀ ਪਿੱਛੇ ਹੈ। ਮੁਸਲਿਮ ਵੋਟਰਾਂ ਨੇ 2015 ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਨੇਡਾ ਵਿਚ ਬਹੁਮਤ ਵਾਲੀ ਸਰਕਾਰ ਬਣਾਉਣ ਵਿਚ ਮਦਦ ਕੀਤੀ ਸੀ ਪਰ ਗਾਜ਼ਾ ਵਿਚ ਇਜ਼ਰਾਈਲ-ਹਮਾਸ ਜੰਗ ਨੇ ਹੁਣ ਸਥਿਤੀ ਬਦਲ ਦਿੱਤੀ ਹੈ।
ਹਿੰਦੂਆਂ ਅਤੇ ਸਿੱਖਾਂ ਦੀ ਪਸੰਦ ਕੰਜ਼ਰਵੇਟਿਵ ਪਾਰਟੀ
ਟਰੂਡੋ ਦੀ ਪਾਰਟੀ ਨੂੰ ਮੁਸਲਮਾਨਾਂ ਅਤੇ ਯਹੂਦੀਆਂ ਤੋਂ ਇਲਾਵਾ ਹਿੰਦੂਆਂ ਅਤੇ ਸਿੱਖਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਂਜ, ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰੇ ਅਤੇ ਕੰਜ਼ਰਵੇਟਿਵ ਪਾਰਟੀ ਈਸਾਈ, ਹਿੰਦੂਆਂ ਅਤੇ ਸਿੱਖਾਂ ਦੀ ਪਹਿਲੀ ਪਸੰਦ ਹਨ। ਐਂਗਸ ਰੀਡ ਇੰਸਟੀਚਿਊਟ ਦੇ ਸਰਵੇਖਣ ਵਿਚ ਕਿਹਾ ਗਿਆ ਹੈ ਕਿ 53 ਫੀਸਦੀ ਹਿੰਦੂ ਅਤੇ 54 ਫੀਸਦੀ ਸਿੱਖਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕੀਤਾ ਹੈ।