ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ ਪੁਲਸ ਨੇ ਐੱਲ.ਓ.ਸੀ. ਦੇ ਆਧਾਰ ’ਤੇ ਕੈਨੇਡਾ ਜਹਾਜ਼ ਚੜ੍ਹਨ ਲੱਗੀ ਨੂੰ ਨੇਪਾਲ ਏਅਰਪੋਰਟ ਤੋਂ ਕਾਬੂ ਕਰ ਕੇ ਮਾਣਯੋਗ ਜੱਜ ਰਾਜਕਰਨ ਦੀ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਮਾਣਯੋਗ ਜੱਜ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ।
ਥਾਣਾ ਜੋਧਾਂ ਦੇ ਸਬ-ਇੰਸਪੈਕਟਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਲਖਬੀਰ ਕੌਰ ਪੁੱਤਰੀ ਸੂਬਾ ਸਿੰਘ ਵਾਸੀ ਰੰਗੂਵਾਲ ਦਾ ਵਿਆਹ ਗੁਰਸੇਵਕਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਮਲ ਪਾਰਕ ਨਿਊ ਰਾਜਗੁਰੂ ਨਗਰ ਲੁਧਿਆਣਾ ਨਾਲ 18 ਅਗਸਤ 2019 ਨੂੰ ਗੁਰਮਰਿਆਦਾ ਅਨੁਸਾਰ ਹੋਇਆ ਸੀ। ਸਹੁਰੇ ਪਰਿਵਾਰ ਨੇ ਲਖਬੀਰ ਕੌਰ ਨੂੰ ਕੈਨੇਡਾ ਭੇਜਣ ਲਈ ਕਰੀਬ 26 ਲੱਖ ਰੁਪਏ ਖਰਚ ਕੀਤੇ ਸਨ, ਤਾਂ ਜੋ ਉਨ੍ਹਾਂ ਦਾ ਪੁੱਤਰ ਵੀ ਕੈਨੇਡਾ ਜਾ ਕੇ ਸੈੱਟਲ ਹੋ ਸਕੇ।
9 ਸਤੰਬਰ 2019 ਨੂੰ ਸਹੁਰੇ ਪਰਿਵਾਰ ਦੇ ਘਰੋਂ ਕੈਨੇਡਾ ਦਾ ਵੀਜ਼ਾ ਲੱਗਣ ’ਤੇ ਉਹ ਕੈਨੇਡਾ ਗਈ ਸੀ ਪਰ ਕੈਨੇਡਾ ਦੀ ਚਮਕ-ਦਮਕ ਵੇਖ ਅਤੇ ਡਾਲਰਾਂ ਦੇ ਲਾਲਚ ’ਚ ਆ ਕੇ ਪਤੀ ਨੂੰ ਕੈਨੇਡਾ ਲਿਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ, ਜਿਸ ’ਤੇ ਸਹੁਰੇ ਪਰਿਵਾਰ ਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਹ ਟਸ ਤੋਂ ਮਸ ਨਾ ਹੋਈ ਅਤੇ ਉਸ ਨੇ ਪੀ.ਸੀ.ਸੀ. ਅਨਮੈਰਿਡ ਦੀ ਕਰਵਾ ਲਈ, ਜਦਕਿ ਉਸ ਦੀ ਮੈਰਿਜ ਕੋਰਟ ’ਚ ਰਜਿਸਟਰ ਹੋ ਚੁੱਕੀ ਸੀ।
ਆਖਿਰਕਾਰ ਗੁਰਸੇਵਕਪਾਲ ਸਿੰਘ ਅਤੇ ਉਸ ਦੇ ਪਿਤਾ ਨਿਰਮਲ ਸਿੰਘ ਨੇ ਅਣਮੈਰਿਡ ਦੱਸ ਕੇ ਕਰਵਾਈ ਪੀ.ਸੀ.ਸੀ. ਨੂੰ ਆਧਾਰ ਬਣਾ ਕੇ ਇਨਸਾਫ ਲਈ ਸ਼ਿਕਾਇਤ ਐੱਸ.ਐੱਸ.ਪੀ. ਜ਼ਿਲ੍ਹਾ ਦਿਹਾਤੀ ਕੋਲ ਕੀਤੀ, ਜਿਸ ਦੀ ਪੜਤਾਲ ਐੱਸ.ਪੀ.(ਡੀ.) ਨੇ ਕੀਤੀ ਅਤੇ ਐੱਸ.ਐੱਸ.ਪੀ. ਦੇ ਬਿਆਨਾਂ ’ਤੇ ਲਖਬੀਰ ਕੌਰ ਅਤੇ ਉਸ ਦੇ ਪਿਤਾ ਸੂਬਾ ਸਿੰਘ, ਪੰਚ ਬਖਸ਼ੀਸ਼ ਸਿੰਘ ਅਤੇ ਗਵਾਹ ਜਗਦੇਵ ਸਿੰਘ ਵਾਸੀ ਪਿੰਡ ਰੰਗੂਵਾਲ ਵਿਰੁੱਧ ਜ਼ੇਰੇ ਧਾਰਾ 420, 120-ਬੀ, 177 ਤਹਿਤ ਕੇਸ ਥਾਣਾ ਜੋਧਾਂ ਵਿਖੇ ਦਰਜ ਕੀਤਾ ਗਿਆ।
ਸੂਬਾ ਸਿੰਘ, ਪੰਚ ਬਖਸ਼ੀਸ਼ ਸਿੰਘ ਅਤੇ ਗਵਾਹ ਜਗਦੇਵ ਸਿੰਘ ਨੇ ਮਾਣਯੋਗ ਅਦਾਲਤ ਤੋਂ ਅਗੇਤੀ ਜ਼ਮਾਨਤ ਲੈ ਲਈ ਸੀ। ਪਰਚਾ ਦਰਜ ਹੋਣ ’ਤੇ ਥਾਣਾ ਜੋਧਾਂ ਦੀ ਪੁਲਸ ਨੇ ਐੱਲ.ਓ.ਸੀ. ਜਾਰੀ ਕਰ ਦਿੱਤੀ ਸੀ। ਗ੍ਰਿਫਤਾਰੀ ਤੋਂ ਬਚਣ ਲਈ ਲਖਵੀਰ ਕੌਰ ਕੈਨੇਡਾ ਤੋਂ ਵਾਇਆ ਨੇਪਾਲ 24 ਫਰਵਰੀ 2024 ਨੂੰ ਭਾਰਤ ਆਈ ਸੀ। ਉਹ ਆਪਣੇ ਘਰ ਆਉਣ ਦੀ ਬਜਾਏ ਇਧਰ-ਓਧਰ ਲੁਕ ਛਿਪ ਕੇ ਰਹਿੰਦੀ ਰਹੀ। ਹੁਣ ਐੱਲ.ਓ.ਸੀ. ਜਾਰੀ ਹੋਣ ਕਾਰਨ ਇਹ ਕੈਨੇਡਾ ਵਾਇਆ ਨੇਪਾਲ ਜਾ ਰਹੀ ਸੀ, ਜਿਸ ਨੂੰ ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕਾਬੂ ਕਰ ਕੇ ਥਾਣਾ ਜੋਧਾਂ ਨੂੰ ਸੂਚਿਤ ਕੀਤਾ।
ਥਾਣਾ ਜੋਧਾਂ ਦੀ ਪੁਲਸ ਨੇ ਲਖਬੀਰ ਕੌਰ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਸ ਦਾ ਪਹਿਲਾਂ 2 ਦਿਨ ਦਾ ਰਿਮਾਂਡ ਦਿੱਤਾ ਅਤੇ ਫਿਰ ਮਾਣਯੋਗ ਜੱਜ ਰਾਜਕਰਨ ਨੇ 15 ਮਈ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ, ਜੋ ਕਿ ਹੁਣ ਜੇਲ੍ਹ ਦੀ ਹਵਾ ਖਾ ਰਹੀ ਹੈ।