ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ
ਲੁਧਿਆਣਾ: ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ। ਉਨ੍ਹਾਂ ਦੇ ਇੱਕ ਦੋਸਤ ਅਮਰਜੀਤ ਸਿੰਘ ਗਰੇਵਾਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਨੀਵਾਰ ਤੜਕੇ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸੁਰਜੀਤ ਪਾਤਰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਨੂੰ ਸਾਲ 2012 ਦੇ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਜਾਣ ਉੱਤੇ ਸਿਆਸੀ ਆਗੂਆਂ ਤੋਂ ਲੈ ਕੇ ਸਾਹਿਤ ਜਗਤ ਦੀਆਂ ਕਈਆਂ ਹਸਤੀਆਂ ਨੇ ਦੁਖ ਪ੍ਰਗਟ ਕੀਤਾ ਹੈ।
ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨੇ ਜਿੱਥੇ ਸੁਰਜੀਤ ਪਾਤਰ ਦੇ ਵਿਛੋੜੇ ‘ਤੇ ਦੁੱਖ ਜ਼ਾਹਰ ਕੀਤਾ ਹੈ, ਉੱਥੇ ਹੀ ਪਾਤਰ ਨਾਲ ਬਿਤਾਏ 52 ਵਰਿਆਂ ਦੀ ਸਾਂਝ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ, “ਸੁਰਜੀਤ ਪਾਤਰ ਬਹੁਤ ਨਰਮ ਸੁਭਾਅ ਦੇ ਸਨ ਅਤੇ ਉੱਚ ਕੋਟੀ ਦੇ ਸ਼ਾਇਰ ਸਨ।”
ਗੁਰਭਜਨ ਗਿੱਲ ਮੁਤਾਬਿਕ ਸੁਰਜੀਤ ਪਾਤਰ ਦੀ ਪਤਨੀ ਦਾ ਨਾਮ ਭੁਪਿੰਦਰ ਕੌਰ ਹੈ ਅਤੇ ਉਹਨਾਂ ਦੇ ਦੋ ਬੇਟੇ ਅੰਕੁਰ ਤੇ ਮਨਰਾਜ ਹਨ। ਅੰਕੁਰ ਆਸਟਰੇਲੀਆ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਮਰਹੂਮ ਸ਼ਾਇਰ ਦਾ ਸੰਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸੁਰਜੀਤ ਪਾਤਰ ਦੇ ਪੁੱਤਰ ਮਨਰਾਜ ਪਾਤਰ ਅਕਸਰ ਹੀ ਆਪਣੇ ਪਿਤਾ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਨੂੰ ਅਵਾਜ਼ ਦਿੰਦੇ ਰਹਿੰਦੇ ਹਨ। ਸੁਰਜੀਤ ਪਾਤਰ ਦਾ ਜਨਮ ਜਨਵਰੀ 1945 ਵਿੱਚ ਜਲੰਧਰ ਦੇ ਪੱਤੜ ਕਲਾਂ ਪਿੰਡ ਵਿੱਚ ਹੋਇਆ।
ਮਗਰੋਂ “ਉਨ੍ਹਾਂ ਨੇ ਅੰਗਰੇਜ਼ੀ ਦੇ ਇੱਕ ਕਾਲਜ ਮੈਗਜ਼ੀਨ ਵਿੱਚ ਜਦੋਂ ਆਪਣੇ ਪਿੰਡ ਦਾ ਨਾਮ “Pattar” ਲਿਖਿਆ ਤਾਂ ਉਹ ‘ਪਾਤਰ’ ਬਣ ਗਿਆ ਅਤੇ ਉਨ੍ਹਾਂ ਨੇ ਇਹੀ ਵਰਤਣਾ ਸ਼ੁਰੂ ਕਰ ਦਿੱਤਾ ਕਿ ਮੈਂ ਪਾਤਰ ਬਣ ਗਿਆ”।