ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨਰ ਦੀ ਚਿਤਾਵਨੀ
ਓਟਵਾ: ਭਾਰਤ-ਕੈਨੇਡਾ ਸਬੰਧਾਂ ਵਿੱਚ ਕੂਟਨੀਤਕ ਤਣਾਅ ਦੌਰਾਨ ਇਥੇ ਭਾਰਤ ਦੇ ਹਾਈ ਕਮਿਸ਼ਨਰ ਨੇ ਚਿਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਸਿੱਖ ਵੱਖਵਾਦੀ ਸਮੂਹ ਖਤਰੇ ਦੀ ਵੱਡੀ ਲੀਕ ਪਾਰ ਕਰ ਰਹੇ ਹਨ, ਜਿਸ ਨੂੰ ਭਾਰਤ ਆਪਣੀ ਕੌਮੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਦੇ ਮਾਮਲੇ ਵਜੋਂ ਨੂੰ ਦੇਖਦਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਆਪਣੇ ਪਹਿਲੇ ਜਨਤਕ ਬਿਆਨ ਵਿੱਚ ਇਹ ਗੱਲ ਕਹੀ।
ਸ੍ਰੀ ਵਰਮਾ ਇਸ ਮਾਮਲੇ ਨੂੰ ਘਰੇਲੂ ਅਪਰਾਧ ਨਾਲ ਜੋੜਦੇ ਨਜ਼ਰ ਆਏ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਕੈਨੇਡਾ ਵਿੱਚ ਸਿੱਖ ਸਮੂਹ, ਜੋ ਭਾਰਤ ਤੋਂ ਵੱਖ ਹੋਣ ਦਾ ਸੱਦਾ ਦਿੰਦੇ ਹਨ, ਖਤਰੇ ਦੀ ਵੱਡੀ ਲੀਕ ਪਾਰ ਕਰ ਰਹੇ ਹਨ, ਜਿਸ ਨੂੰ ਨਵੀਂ ਦਿੱਲੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਮੰਨਦੀ ਹੈ। ਭਾਰਤੀ ਆਪਣੇ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੇ, ਵਿਦੇਸ਼ੀ ਨਹੀਂ। ਭਾਰਤ ਅਤੇ ਕੈਨੇਡਾ ਦੇ ਸਬੰਧ ਸਮੁੱਚੇ ਤੌਰ ‘ਤੇ ਸਕਾਰਾਤਮਕ ਹਨ, ਭਾਵੇਂ ਕਿ ਉਨ੍ਹਾਂ ’ਚ ਤਣਾਅ ਹੈ। ਦੋਵੇਂ ਦੇਸ਼ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।