ਨਵਜੋਤ ਸਿੱਧੂ ਨੂੰ ਚੋਣ ਪ੍ਰਚਾਰ ਵਿੱਚ ਲਿਆਉਣਾ ਜ਼ਰੂਰੀ: ਪਰਗਟ ਸਿੰਘ
ਪਟਿਆਲਾ: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਵਿਰੋਧੀ ਜ਼ਿਲ੍ਹਾ ਯੂਥ ਪ੍ਰਧਾਨ ਸੰਜੀਵ ਕੁਮਾਰ ਕਾਲੂ ਦੀ ਅਗਵਾਈ ਵਿਚ ਅੱਜ ਪਟਿਆਲਾ ਦੇ ਦਿਹਾਤੀ ਹਲਕੇ ਦੇ ਇਕ ਪੈਲੇਸ ਵਿਚ ਵੱਡਾ ਇਕੱਠ ਹੋਇਆ ਜਿਸ ਵਿਚ ਡਾ. ਧਰਮਵੀਰ ਗਾਂਧੀ ਦਾ ਪ੍ਰਚਾਰ ਕਰਨ ਲਈ ਸਾਬਕਾ ਖੇਡ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਵੀ ਪੁੱਜੇ।
ਉਨ੍ਹਾਂ ਕਿਹਾ ਕਿ ਜੇਕਰ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲੈਂਦੇ ਤਾਂ ਲੋਕਤੰਤਰਿਕ ਕਦਰਾਂ ਕੀਮਤਾਂ ਖ਼ਤਮ ਹੋ ਜਾਣੀਆਂ ਸਨ ਕਿਉਂਕਿ ‘ਆਪ’ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਨਿੱਜੀ ਮੁੱਦਿਆਂ ’ਤੇ ਵਿਰੋਧੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸ ਮੌਕੇ ਪੱਤਰਕਾਰਾਂ ਨੇ ਨਵਜੋਤ ਸਿੱਧੂ ਦੇ ਪਾਰਟੀ ਲਈ ਪ੍ਰਚਾਰ ਨਾ ਕਰਨ ਬਾਰੇ ਸਵਾਲ ਕੀਤੇ। ਪੱਤਰਕਾਰਾਂ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਿੱਧੂ ਨੂੰ ਫ਼ੋਨ ਕਰਕੇ ਜਾਂ ਖ਼ੁਦ ਮਿਲ ਕੇ ਪ੍ਰਚਾਰ ਲਈ ਤੋਰ ਲੈਂਦੇ ਤਾਂ ਇਸ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਜੇਕਰ ਉਹ ਹੁੰਦੇ ਤਾਂ ਨਵਜੋਤ ਸਿੱਧੂ ਨੂੰ ਪਾਰਟੀ ਦੇ ਪ੍ਰਚਾਰ ਲਈ ਜ਼ਰੂਰ ਮਿਲਦੇ ਕਿਉਂਕਿ ਸਾਡੀ ਲੜਾਈ ਵੱਡੀ ਹੈ ਸਾਨੂੰ ਛੋਟੀਆਂ ਗੱਲਾਂ ਛੱਡ ਕੇ ਵੱਡੇ ਸੰਦਰਭ ਵਿਚ ਸੋਚਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਿਲੇ ਸ਼ਿਕਵੇ ਭੁਲਾ ਕੇ ਪਾਰਟੀ ਲਈ ਕੰਮ ਕਰਨਾ ਚਾਹੀਦਾ ਹੈ। ਡਾ. ਗਾਂਧੀ ਨੇ ਕਿਹਾ ਕਿ ਉਹ ਪਟਿਆਲਾ ਸਮੇਤ ਸਮੁੱਚੇ ਪੰਜਾਬ ਲਈ ਕੰਮ ਕਰਨ ਵਾਸਤੇ ਵਚਨਬੱਧ ਹਨ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਵੱਲੋਂ ਪਤਵੰਤਿਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।
ਕਾਂਗਰਸ ਦੀ ਫੁੱਟ ਜੱਗ-ਜ਼ਾਹਰ ਹੋਈ
ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਤੇ ਸੂਬਾ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਗੈਰਹਾਜ਼ਰੀ ’ਚ ਹੋਏ ਵੱਡੇ ਇਕੱਠ ਨੇ ਕਾਂਗਰਸ ਵਿਚ ਚੱਲ ਰਹੀ ਇਕ ਹੋਰ ਫੁੱਟ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ ਕਿਉਂਕਿ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਪਟਿਆਲਾ ਦਿਹਾਤੀ ਤੋਂ ਟਿਕਟ ਦੀ ਮੰਗ ਕਰ ਰਹੇ ਹਨ।