ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼
ਵਾਸ਼ਿੰਗਟਨ: ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਮੁੜ ਪੁਲਾੜ ਵਿੱਚ ਜਾਣ ਲਈ ਤਿਆਰ ਹੈ। ਇਸ ਵਾਰ ਬੁਚ ਵਿਲਮੋਰ ਵੀ ਉਨ੍ਹਾਂ ਦੇ ਨਾਲ ਹੋਣਗੇ। ਨਾਸਾ ਦੇ ਦੋ ਤਜਰਬੇਕਾਰ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਵਿੱਚ ਸਵਾਰ ਹੋ ਕੇ ਪੁਲਾੜ ਵਿੱਚ ਜਾਣ ਲਈ ਤਿਆਰ ਹਨ। ਇਹ ਪਹਿਲਾ ਮਨੁੱਖੀ ਪੁਲਾੜ ਵਾਹਨ ਹੋਵੇਗਾ, ਜੋ 7 ਮਈ ਨੂੰ ਕੈਨੇਡੀ ਸਪੇਸ ਸੈਂਟਰ ਤੋਂ ਸਵੇਰੇ 8:04 ਵਜੇ ਲਾਂਚ ਕੀਤਾ ਜਾਵੇਗਾ।
ਡਾਕਟਰ ਦੀਪਕ ਪਾਂਡਿਆ ਅਤੇ ਬੋਨੀ ਪਾਂਡਿਆ ਦੇ ਘਰ ਜਨਮੀ ਸੁਨੀਤਾ ਵਿਲੀਅਮਜ਼ ਇੱਕ ਵਾਰ ਫਿਰ ਇਤਿਹਾਸ ਰਚੇਗੀ। ਉਹ ਮਨੁੱਖੀ ਪੁਲਾੜ ਵਾਹਨ ਦੇ ਪਹਿਲੇ ਮਿਸ਼ਨ ’ਤੇ ਉੱਡਣ ਵਾਲੀ ਪਹਿਲੀ ਔਰਤ ਹੋਵੇਗੀ। ਉਹ 2006 ਅਤੇ 2012 ਵਿੱਚ ਦੋ ਵਾਰ ਪੁਲਾੜ ਵਿੱਚ ਜਾ ਚੁੱਕੀ ਹੈ। ਵਿਲੀਅਮਜ਼ ਨੇ ਦੋ ਮਿਸ਼ਨਾਂ ਵਿੱਚ ਪੁਲਾੜ ਵਿੱਚ ਕੁੱਲ 322 ਦਿਨ ਬਿਤਾਏ ਹਨ, ਜੋ ਆਪਣੇ ਆਪ ਵਿੱਚ ਰਿਕਾਰਡ ਹੈ।