ਕੈਨੇਡਾ ‘ਚ 3 ਭਾਰਤੀ ਗ੍ਰਿਫਤਾਰ, ਨਿੱਝਰ ਦੇ ਕਤਲ ਦੇ ਮਾਮਲੇ ਨਾਲ ਹੈ ਸਬੰਧ
ਓਟਾਵਾ– ਕੈਨੇਡੀਅਨ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਇੱਕ ਕਥਿਤ ਸਮੂਹ ਦੇ ਮੈਂਬਰ ਹਨ ਜਿਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ।
ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਆ ਗਿਆ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਹੂਦਾ’ ਅਤੇ ‘ਪ੍ਰੇਰਿਤ’ ਕਹਿ ਕੇ ਰੱਦ ਕਰ ਦਿੱਤਾ ਸੀ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਘੱਟੋ-ਘੱਟ ਦੋ ਸੂਬਿਆਂ ਵਿਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਪੁਲਸ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਸੂਤਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਨਿੱਝਰ ਦੇ ਕਤਲ ਵਿੱਚ ਸ਼ਾਮਲ ਲੋਕਾਂ ਦੇ ਗਰੋਹ ਵਜੋਂ ਕੀਤੀ ਸੀ ਅਤੇ ਪੁਲਿਸ ਇਨ੍ਹਾਂ ’ਤੇ ਨਜ਼ਰ ਰੱਖ ਰਹੀ ਸੀ।
ਸੂਤਰਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਦੇ ਬਾਹਰ ਨਿੱਝਰ ਦਾ ਜਿਸ ਦਿਨ ਕਤਲ ਹੋਇਆ ਸੀ, ਉਸ ਦਿਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਤਲ ਦੇ ਦੋਸ਼ ਲਾਏ ਗਏ ਹਨ। ਉਸ ਸਮੇਂ ਦੌਰਾਨ ਇਹ ਲੋਕ ਸ਼ੂਟਰ, ਡਰਾਈਵਰ ਆਦਿ ਦਾ ਕੰਮ ਕਰਦੇ ਸਨ। ਸੀਟੀਵੀ ਨਿਊਜ਼ ਨੇ ਇਕ ਸੀਨੀਅਰ ਸਰਕਾਰੀ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਨਿੱਝਰ ਦੇ ਕਤਲ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਭਾਰਤੀ ਨਾਗਰਿਕ ਵਜੋਂ ਪਛਾਣ
ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ‘ਤੇ ਨਿੱਝਰ ਦੀ ਹੱਤਿਆ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਵਿੱਚ, ਸ਼ੱਕੀਆਂ ਦੀ ਪਛਾਣ ਭਾਰਤੀ ਨਾਗਰਿਕ ਵਜੋਂ ਹੋਈ ਹੈ। ਇਸ ਵਿਚ ਕਿਹਾ ਗਿਆ ਸੀ, ‘ਕੈਨੇਡੀਅਨ ਪੁਲਿਸ ਨੇ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਲਗਭਗ ਇਕ ਸਾਲ ਬਾਅਦ ਸ਼ੁੱਕਰਵਾਰ ਸਵੇਰੇ ਭਾਰਤੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ।’