ਸੁਖਪਾਲ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਕਸਿਆ ਸਿਆਸੀ ਤੰਜ
ਬਰਨਾਲਾ: ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਰਨਾਲਾ ’ਚ ਇਕ ਚੋਣ ਰੈਲੀ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ। ਖਹਿਰਾ ਨੇ ਕਿਹਾ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਇੰਨੀ ਖਰਾਬ ਹੈ ਕਿ ਕੋਈ ਵੀ ਵਪਾਰੀ ਜਾਂ ਆਮ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਅਤੇ ਪੰਜਾਬ ਦੇ ਲੋਕਾਂ ਦਾ ਮਾਨ ਸਰਕਾਰ ਤੋਂ ਵਿਸ਼ਵਾਸ ਉਠ ਗਿਆ ਹੈ।
ਖਹਿਰਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵੀ ਸਿਆਸੀ ਨਿਸ਼ਾਨਾ ਸਾਧਿਆ। ਅਕਾਲੀ ਦਲ ਵੱਲੋਂ ਢੀਂਡਸਾ ਪਰਿਵਾਰ ਨੂੰ ਨਜ਼ਰਅੰਦਾਜ਼ ਕੀਤੇ ਜਾਣ ’ਤੇ ਖਹਿਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਰਾਜਨੀਤਿਕ ਤੌਰ ’ਤੇ ਢੀਂਡਸਾ ਪਰਿਵਾਰ ਨੂੰ ਮਾਰ ਦਿੱਤਾ ਹੈ। ਖਹਿਰਾ ਨੇ ਬਰਨਾਲਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਢੀਂਡਸਾ ਪਰਿਵਾਰ ਦੀ ਤਾਰੀਫ਼ ਵੀ ਕੀਤੀ ਅਤੇ ਉਨ੍ਹਾਂ ਨੂੰ ਖੁੱਲ੍ਹੇ ਤੌਰ ’ਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਖਹਿਰਾ ਨੇ ਅੱਗੇ ਕਿਹਾ ਕਿ ਢੀਂਡਸਾ ਪਰਿਵਾਰ ਇਕ ਬਹੁਤ ਹੀ ਸੁਲਝਿਆ ਹੋਇਆ ਪਰਿਵਾਰ ਹੈ ਅਤੇ ਸੁਖਬੀਰ ਸਿੰਘ ਬਾਦਲ ਕਦੇ ਵੀ ਢੀਂਡਸਾ ਪਰਿਵਾਰ ਨੂੰ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦਾ।