ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ
ਚੰਡੀਗੜ੍ਹ: ਵਿਦੇਸ਼ ਜਾਣ ਵਾਲੇ ਵਿਅਕਤੀ ਹੁਣ ਰਾਤ ਨੂੰ ਵੀ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਉਡਾਣ ਭਰ ਸਕਣਗੇ। ਕਿਉਂਕਿ ਚੰਡੀਗੜ੍ਹ ਏਅਰਪੋਰਟ ਤੋਂ ਬਹੁਤ ਜਲਦੀ ਹੀ ਰਾਤ ਦੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦੇ ਲਈ ਏਅਰਪੋਰਟ ਅਥਾਰਟੀ ਵੱਲੋਂ ਏਅਰਪੋਰਟ ’ਤੇ ਅਤਿਆਧੁਨਿਕ ਉਪਕਰਣ ਸਥਾਪਿਤ ਕੀਤੇ ਗਏ ਹਨ। ਜਿਸ ਦੇ ਚਲਦਿਆਂ ਰਾਤ ਨੂੰ ਅਤੇ ਖਰਾਬ ਮੌਸਮ ’ਚ ਵੀ ਜਹਾਜ਼ ਏਅਰਪੋਰਟ ’ਤੇ ਉਤਰ ਸਕਣਗੇ।
ਚੰਡੀਗੜ੍ਹ ਏਅਰਪੋਰਟ ਤੋਂ ਰਾਤ ਦੀਆਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਚੰਡੀਗੜ੍ਹ ਦੇ ਵਪਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 15 ਮਈ ਤੋਂ ਚੰਡੀਗੜ੍ਹ ਏਅਰਪੋਰਟ ਤੋਂ ਆਬੂਧਾਬੀ ਦੇ ਲਈ ਇਕ ਨਵੀਂ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਇੰਡੀਗੋ ਏਅਰਲਾਈਨਜ਼ ਕੰਪਨੀ ਦੀ ਇਹ ਫਲਾਈਟ 15 ਮਈ ਨੂੰ ਆਬੁੂਧਾਬੀ ਤੋਂ ਰਾਤੀਂ ਸਵਾ ਦਸ ਵਜੇ ਉਡਾਣ ਭਰੇਗੀ ਅਤੇ ਸਵੇਰੇ ਸਾਢੇ ਤਿੰਨ ਵਜੇ ਚੰਡੀਗੜ੍ਹ ਏਅਰਪੋਰਟ ’ਤੇ ਲੈਂਡ ਕਰੇਗੀ।
ਇਸੇ ਤਰ੍ਹਾਂ 16 ਮਈ ਨੂੰ ਇਹ ਫਲਾਈਟ ਰਾਤੀਂ ਪੌਣੇ ਤਿੰਨ ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ ਅਤੇ ਸਵੇਰੇ 5 ਵਜੇ ਆਬੂਧਾਬੀ ਪਹੁੰਚ ਜਾਵੇਗੀ। ਏਅਰਲਾਈਨ ਕੰਪਨੀ ਨੇ ਇਸ ਸਬੰਧੀ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।