ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਛੁਰਾ ਮਾਰ ਕੇ ਕਤਲ
ਅਮਰਗੜ੍ਹ : ਕੈਨੇਡਾ ਜੋ ਕਦੇ ਸੁਪਨਿਆਂ ਦਾ ਦੇਸ਼ ਹੋਇਆ ਕਰਦਾ ਸੀ। ਅੱਜ ਕੱਲ ਉਸਨੂੰ ਸਰਾਪ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਆਏ ਦਿਨ ਉੱਥੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਇਸ ਨਾਲ ਪੰਜਾਬ ਵਿੱਚ ਵੱਸਦੇ ਮਾਪਿਆਂ ਨੂੰ ਹਮੇਸ਼ਾ ਇਸ ਗੱਲ ਦਾ ਡਰ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਦੇ ਵਿਦੇਸ਼ ਰਹਿੰਦੇ ਬੱਚਿਆਂ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰੇ ।
ਤਾਜ਼ਾ ਘਟਨਾ ਜ਼ਿਲ੍ਹਾ ਮਾਲੇਰਕੋਟਲਾ ਨਾਲ ਸੰਬੰਧਿਤ ਪਿੰਡ ਤੋਲੇਵਾਲ ਦੇ ਵਸਨੀਕ ਗੁਰਪ੍ਰੀਤ ਸਿੰਘ ਸੋਹੀ ਦੇ 26 ਸਾਲਾ ਪੁੱਤਰ ਕੁਲਵਿੰਦਰ ਸਿੰਘ ਸੋਹੀ ਨਾਲ ਵਾਪਰੀ ਹੈ ਜੋ ਕਿ ਸਾਲ 2018 ਵਿੱਚ ਕੈਨੇਡਾ ਆਪਣਾ ਭਵਿੱਖ ਸੰਵਾਰਨ ਗਿਆ ਸੀ । ਉਹ ਉੱਥੇ ਪਲੰਬਰ ਵਜੋਂ ਆਪਣਾ ਕੰਮ ਕਰਦਾ ਸੀ ਅਤੇ ਪੀ.ਆਰ. ਵੀ ਹੋ ਚੁੱਕਾ ਸੀ । ਉਹ ਜਦੋਂ 23 ਅਪ੍ਰੈਲ ਦੀ ਸ਼ਾਮ ਨੂੰ ਵੈਨਕੂਵਰ ਦੇ ਵਾਈਟ ਰੌਕ ‘ਤੇ ਆਪਣੀ ਦੋਸਤ ਨਾਲ ਘੁੰਮਣ ਗਿਆ ਤਾਂ ਇੱਕ ਸਿਰਫਿਰੇ ਵੱਲੋਂ ਉਸਦੇ ਛੁਰਾ ਮਾਰ ਦਿੱਤਾ ਗਿਆ ।
ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ , ਇਸ ਪੂਰੇ ਮਾਮਲੇ ਸਬੰਧੀ ਕੈਨੇਡਾ ਦੀ ਪੁਲਿਸ ਵੱਲੋਂ ਜਿੱਥੇ ਛਾਣਬੀਣ ਕੀਤੀ ਜਾ ਰਹੀ ਹੈ । ਉੱਥੇ ਹੀ ਪੰਜਾਬ ਰਹਿੰਦੇ ਮਾਪਿਆਂ ਵੱਲੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਆਪਣੇ ਪੁੱਤ ਦੀ ਦੇਹ ਨੂੰ ਵਾਪਸ ਵਤਨ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ ।
ਇੰਟੀਗ੍ਰੇਟਡ ਪੁਲਿਸ ਡਾਗ ਸਰਵਿਸ ਵੀ ਪਹੁੰਚ ਗਈ ਸੀ। ਪੁਲਿਸ ਨੇ ਦੱਸਿਆ ਕਿ ਹੱਤਿਆਰਾ ਪੰਜ ਫੁੱਟ 11 ਇੰਚ ਲੰਬਾ ਹੈ ਜਿਸਨੇ ਟੋਪੀ ਅਤੇ ਗ੍ਰੇਅ ਹੁੱਡੀ ਪਾਈ ਹੋਈ ਹੈ। ਉਸਦੀ ਤਲਾਸ਼ ਵਾਸਤੇ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ।