ਇੰਟਰਨੈਸ਼ਨਲ ਡੈਸਕ : ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਅਤੇ ਕੈਨੇਡਾ ਦੇ ਸਬੰਧ ਕੁੜੱਤਣ ਦੇ ਦੌਰ ‘ਚੋਂ ਲੰਘ ਰਹੇ ਹਨ। ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਇਹ ਤਣਾਅ ਹੋਰ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਮਹੀਨੇ ਭਾਰਤ ਦੀਆਂ ਖੁਫੀਆ ਏਜੰਸੀਆਂ ‘ਤੇ ਨਿੱਝਰ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਤਣਾਅ ਇਸ ਹੱਦ ਤੱਕ ਵਧ ਗਿਆ ਕਿ ਦੋਵਾਂ ਦੇਸ਼ਾਂ ਨੇ ਇਕ-ਦੂਜੇ ‘ਤੇ ਸਖਤ ਪਾਬੰਦੀਆਂ ਲਾ ਦਿੱਤੀਆਂ।
ਤਣਾਅ ਦੇ ਵਿਚਾਲੇ ਸ਼ਾਰਦੀ ਨਵਰਾਤਰੀ ਦੇ ਪਹਿਲੇ ਦਿਨ ਜਸਟਿਨ ਟਰੂਡੋ ਨੇ ਲੋਕਾਂ ਨੂੰ ਨਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਟਰੂਡੋ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ, “ਨਵਰਾਤਰੀ ਦੀਆਂ ਸ਼ੁਭਕਾਮਨਾਵਾਂ! ਮੈਂ ਹਿੰਦੂ ਭਾਈਚਾਰੇ ਦੇ ਮੈਂਬਰਾਂ ਅਤੇ ਇਸ ਤਿਉਹਾਰ ਨੂੰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਭੇਜ ਰਿਹਾ ਹਾਂ।” ਇਹ ਨੌਂ ਰਾਤਾਂ ਤੱਕ ਚਲਦਾ ਹੈ, ਪਹਿਲੀ ਵਾਰ ਚੇਤਰ ਦੇ ਮਹੀਨੇ (ਮਾਰਚ/ਅਪ੍ਰੈਲ) ਵਿੱਚ ਅਤੇ ਫਿਰ ਅਸ਼ਵਿਨ (ਸਤੰਬਰ-ਅਕਤੂਬਰ) ਦੇ ਮਹੀਨੇ ਵਿੱਚ।
ਕਿਉਂ ਹੈ ਦੋਵਾਂ ਦੇਸ਼ਾਂ ਵਿਚਾਲੇ ਤਣਾਅ?
ਟਰੂਡੋ ਵੱਲੋਂ ਪਿਛਲੇ ਮਹੀਨੇ ਜਨਤਕ ਤੌਰ ‘ਤੇ ਇਹ ਕਹਿਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤੀ ਏਜੰਟ ਸ਼ਾਮਲ ਸਨ, ਜਿਸ ਨੂੰ 18 ਜੂਨ ਨੂੰ ਵੈਨਕੂਵਰ ਦੇ ਉਪਨਗਰ ‘ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਅਤੇ ਦੋਵਾਂ ਦੇਸ਼ਾਂ ਨੇ ਇਕ-ਇਕ ਡਿਪਲੋਮੈਟ ਨੂੰ ਕੱਢ ਦਿੱਤਾ। ਉਥੇ ਹੀ ਭਾਰਤ ਨੇ ਕੈਨੇਡੀਅਨਾਂ ਲਈ ਨਵੇਂ ਵੀਜ਼ੇ ਵੀ ਮੁਅੱਤਲ ਕਰ ਦਿੱਤੇ ਹਨ।
ਟਰੂਡੋ ਨੇ ਬਾਅਦ ਵਿੱਚ ਕਿਹਾ ਕਿ ਉਹ ਵਿਵਾਦ ਨੂੰ ਵਧਾਉਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ, “ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਪਰ ਅਸੀਂ ਭਾਰਤ ਸਰਕਾਰ ਨਾਲ ਜ਼ਿੰਮੇਵਾਰੀ ਅਤੇ ਰਚਨਾਤਮਕ ਤੌਰ ‘ਤੇ ਜੁੜੇ ਰਹਾਂਗੇ।” ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਹਾਲ ਹੀ ‘ਚ ਜਾਰਡਨ ਦੇ ਰਾਜਾ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਭਾਰਤ ਦੇ ਸਬੰਧਾਂ ‘ਤੇ ਚਰਚਾ ਕਰਨ ਤੋਂ ਬਾਅਦ ਕਈ ਗਲੋਬਲ ਨੇਤਾਵਾਂ ਨਾਲ ਭਾਰਤ ਦਾ ਮੁੱਦਾ ਉਠਾਉਣ ਲਈ ਵੱਡੇ ਪੱਧਰ ‘ਤੇ ਟ੍ਰੋਲ ਕੀਤਾ ਗਿਆ ਸੀ।