Earthquake: ਪੱਛਮੀ ਬੰਗਾਲ ਵਿੱਚ ਅੱਧੀ ਰਾਤ ਨੂੰ ਅਚਾਨਕ ਧਰਤੀ ਹਿੱਲ ਗਈ। ਸੋਮਵਾਰ ਦੇਰ ਰਾਤ ਬੰਗਾਲ ਦੀ ਖਾੜੀ ‘ਚ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਸੋਮਵਾਰ ਰਾਤ 1.29 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨਾਲ ਹੀ ਇਸ ਦੀ ਡੂੰਘਾਈ 70 ਕਿਲੋਮੀਟਰ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਦਰਅਸਲ, ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਐਕਸ ਹੈਂਡਲ (ਟਵਿਟਰ) ਰਾਹੀਂ ਭੂਚਾਲ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.4 ਸੀ। ਇਹ ਭੂਚਾਲ 11-09-2023 ਨੂੰ ਰਾਤ 1:29:06 ਵਜੇ ਆਇਆ ਸੀ। ਇਸ ਦੀ ਡੂੰਘਾਈ 70 ਕਿਲੋਮੀਟਰ ਸੀ ਅਤੇ ਇਹ ਬੰਗਾਲ ਦੀ ਖਾੜੀ ਵਿੱਚ ਆਇਆ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਤ੍ਰਿਪੁਰਾ ਦੇ ਧਰਮਨਗਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.4 ਮਾਪੀ ਗਈ ਸੀ।
ਭੂਚਾਲ ਆਉਣ ‘ਤੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ
1- ਜੇਕਰ ਤੁਸੀਂ ਕਿਸੇ ਇਮਾਰਤ ਦੇ ਅੰਦਰ ਹੋ, ਤਾਂ ਫਰਸ਼ ‘ਤੇ ਬੈਠੋ ਅਤੇ ਕਿਸੇ ਮਜ਼ਬੂਤ ਫਰਨੀਚਰ ਦੇ ਹੇਠਾਂ ਜਾਓ। ਜੇਕਰ ਕੋਈ ਮੇਜ਼ ਜਾਂ ਅਜਿਹਾ ਫਰਨੀਚਰ ਨਹੀਂ ਹੈ, ਤਾਂ ਆਪਣੇ ਚਿਹਰੇ ਅਤੇ ਸਿਰ ਨੂੰ ਹੱਥਾਂ ਨਾਲ ਢੱਕ ਕੇ ਕਮਰੇ ਦੇ ਇੱਕ ਕੋਨੇ ਵਿੱਚ ਝੁਕ ਕੇ ਬੈਠੋ।
2- ਜੇਕਰ ਤੁਸੀਂ ਇਮਾਰਤ ਤੋਂ ਬਾਹਰ ਹੋ ਤਾਂ ਇਮਾਰਤ, ਦਰੱਖਤਾਂ, ਖੰਭਿਆਂ ਅਤੇ ਤਾਰਾਂ ਤੋਂ ਦੂਰ ਚਲੇ ਜਾਓ।3- ਜੇਕਰ ਤੁਸੀਂ ਕਿਸੇ ਵਾਹਨ ‘ਚ ਸਫਰ ਕਰ ਰਹੇ ਹੋ ਤਾਂ ਜਿੰਨੀ ਜਲਦੀ ਹੋ ਸਕੇ ਗੱਡੀ ਨੂੰ ਰੋਕੋ ਅਤੇ ਗੱਡੀ ਦੇ ਅੰਦਰ ਹੀ ਬੈਠੇ ਰਹੋ।