Amritsar News : ਪੰਜਾਬ ‘ਚ ਲੁੱਟ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਦੇ ਭੰਡਾਰੀ ਪੁੱਲ ਦੇ ਨਜ਼ਦੀਕ ਰੋਇਲ ਗੰਨ ਹਾਊਸ ‘ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਵੱਲੋਂ ਗਨ ਹਾਊਸ ਦੀ ਪਿਛਲੀ ਦੀਵਾਰ ਤੋੜ ਕੇ ਦੁਕਾਨ ਦੇ ਅੰਦਰ ਐਂਟਰੀ ਕੀਤੀ ਗਈ ਅਤੇ CCTV ਕੈਮਰਿਆਂ ਉਪਰ ਵੀ ਸਪ੍ਰੇ ਮਾਰੀ ਤਾਂ ਜੋ ਉਨ੍ਹਾਂ ਦੀ ਪਹਿਚਾਣ ਨਾ ਹੋ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਰੋਇਲ ਗਨ ਹਾਊਸ ਦੁਕਾਨ ਦੇ ਉੱਪਰ ਚੋਰਾਂ ਵੱਲੋਂ ਕੰਧ ਤੋੜ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨ ਦੇ ਅੰਦਰ ਕਾਫ਼ੀ ਸੇਫਟੀ ਹੋਣ ਕਰਕੇ ਉਹ ਕੋਈ ਵੀ ਗੰਨ ਚੋਰੀ ਨਹੀਂ ਕਰ ਸਕੇ। ਜਿਸ ਕਮਰੇ ਦੀ ਦੀਵਾਰ ਤੋੜ ਕੇ ਉਹ ਅੰਦਰ ਆਏ ਹਨ ,ਉਸ ਕਮਰੇ ਵਿੱਚ ਬਹੁਤ ਸਾਰੀਆਂ ਬੰਦੂਕਾਂ ਪਈਆਂ ਸਨ ਅਤੇ ਉਸ ਦੀ ਗਿਣਤੀ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ। ਜੇਕਰ ਲੱਗੇਗਾ ਕਿ ਬੰਦੂਕ ਕੋਈ ਚੋਰੀ ਹੋਈ ਹੈ ਤੇ ਉਸ ਸੰਬੰਧੀ ਸੂਚਨਾ ਜਰੂਰ ਦੇਣਗੇ।
ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਪਿਛਲੇ ਪਾਸੇ ਇੱਕ ਮੰਦਰ ਹੈ ਅਤੇ ਮੰਦਿਰ ਵੱਲੋਂ ਚੋਰ ਉੱਪਰ ਆਏ ਸਨ। ਜਦੋਂ ਪੰਡਿਤ ਵੱਲੋਂ ਉੱਪਰ ਜਾਣ ਦਾ ਕਾਰਨ ਪੁੱਛਿਆ ਚੋਰਾਂ ਨੇ ਦੱਸਿਆ ਕਿ ਉਹ ਏਸੀ ਫਿਟਿੰਗ ਕਰਨ ਲਈ ਆਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਦੀਵਾਰ ਵਿੱਚ ਇੱਕ ਖੁੱਡਾ ਮਾਰ ਕੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
ਪਰ ਦੁਕਾਨ ਦੇ ਅੰਦਰ ਕਾਫੀ ਸੇਫਟੀ ਹੋਣ ਕਰਕੇ ਉਹ ਦੁਕਾਨ ਦੇ ਗੱਲੇ ‘ਚ ਪਏ ਪੈਸੇ ਅਤੇ ਦੁਕਾਨ ਦੇ ਵਿੱਚੋਂ ਬਣਾਏ ਛੋਟੇ ਜਿਹੇ ਮੰਦਰ ਵਿੱਚ ਭਗਵਾਨ ਨੂੰ ਚੜ੍ਹਾਏ ਪੈਸੇ ਹੀ ਚੋਰੀ ਕਰਕੇ ਫਰਾਰ ਹੋ ਗਏ ਅਤੇ ਇਸ ਤੋਂ ਇਲਾਵਾ ਚੋਰ ਵੱਲੋਂ ਰੋਇਲ ਗਨ ਹਾਊਸ ਦੇ ਨਾਲ ਸਮਰਸਿਬਲ ਦੁਕਾਨ ਦੀ ਵੀ ਕੰਧ ਤੋੜ ਕੇ ਉਥੋਂ ਵੀ ਗਲੇ ਵਿੱਚੋਂ ਕੁੱਝ ਪੈਸੇ ਚੋਰੀ ਕੀਤੇ ਗਏ।
ਦੂਜੇ ਪਾਸੇ ਇਸ ਮਾਮਲੇ ਵਿੱਚ ਜਾਂਚ ਲਈ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕੀ ਰਾਇਲ ਗਨ ਹਾਊਸ ਦੇ ਵਿੱਚ ਚੋਰੀ ਹੋਈ ਹੈ ਅਤੇ ਉਹ ਮੌਕੇ ਤੇ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਦੁਕਾਨ ਦੇ ਅੰਦਰ ਪਈਆਂ ਬੰਦੂਕਾਂ ਦੀ ਵੀ ਗਿਣਤੀ ਕਰ ਰਹੇ ਹਨ ਅਤੇ ਨਜ਼ਦੀਕੀ ਵੀ ਕੈਮਰੇ ਵੀ ਖੰਗਾਲ ਰਹੇ ਹਨ। ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।