Amritsar News: ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਦਾ ਅਧਿਕਾਰ ਅਜੇ ਪੀਟੀਸੀ ਚੈਨਲ ਕੋਲ ਹੀ ਰਹੇਗਾ। ਇਹ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਹੈ। ਇਸ ਤੋਂ ਇਲਾਵਾ 24 ਜੁਲਾਈ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂ-ਟਿਊਬ ਚੈਲਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰ ਕਰ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਆਦੇਸ਼ ਦਿੱਤੇ ਗਏ ਸਨ ਕਿ ਬਹੁਤ ਸਾਰੀ ਸੰਗਤ ਅਜਿਹੀ ਹੈ ਜਿਸ ਕੋਲ ਨਾ ਤਾਂ ਸਮਾਰਟ ਫੋਨ ਹੈ ਅਤੇ ਨਾ ਹੀ ਸਮਾਰਟ ਟੀਵੀ ਹਨ ਜਿਸ ਕਰਕੇ ਬਹੁਤਾਤ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ , ਕੀਰਤਨ , ਗੁਰਬਾਣੀ ਆਦਿ ਤੋਂ ਵਾਂਝੀ ਰਹਿ ਜਾਵੇਗੀ।
ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂ – ਟਿਊਬ ਚੈਨਲ ਦੇ ਨਾਲ-ਨਾਲ ਕਿਸੇ ਸੈਟੇਲਾਈਟ ਚੈਨਲ ਰਾਹੀਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਰਵਿਘਨ ਗੁਰਬਾਣੀ ਪ੍ਰਸਾਰਣ ਜਾਰੀ ਰੱਖਿਆ ਜਾਵੇ ਤਾਂ ਜੋ ਕੋਈ ਵੀ ਸੰਗਤ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਦਰਸ਼ਨ ਦੀਦਾਰ ਕਰਨ ਤੋਂ ਵਾਂਝੀ ਨਾ ਰਹੇ।
ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਜਥੇਦਾਰ ਸਾਹਿਬ ਵੱਲੋਂ ਆਏ ਆਦੇਸ਼ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਜਿਨ੍ਹਾਂ ਸਮਾਂ ਕਮੇਟੀ ਵੱਲੋਂ ਆਪਣਾ ਚੈਨਲ ਨਹੀਂ ਚਲਾਇਆ ਜਾਂਦਾ ਉਨ੍ਹਾਂ ਸਮਾਂ ਗੁਰਬਾਣੀ ਦੇ ਪ੍ਰਸਾਰਨ ਦੇ ਅਧਿਕਾਰ ਪੀਟੀਸੀ ਦੇ ਕੋਲ ਹੀ ਰਹਿਣਗੇ।
ਇਸ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਐੱਸਜੀਪੀਸੀ ਨੂੰ 24 ਜੁਲਾਈ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ..ਸਾਰੇ ਚੈਨਲਾਂ ਨੂੰ free of cost ਅਤੇ free to air ਪ੍ਰਸਾਰਣ ਕਰਨ ਦੇਣਾ ਚਾਹੀਦਾ ਹੈ..ਜੇ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਅਸੀਂ 24 ਘੰਟਿਆਂ ਚ ਸਾਰੇ ਪ੍ਰਬੰਧ ਕਰ ਦੇਵਾਂਗੇ.