ਪੀਐਮ ਰਿਹਾਇਸ਼ ਦੇ ਉਪਰ ਡਰੋਨ ਉੱਡਣ ਦੀ ਸੂਚਨਾ ਤੋਂ ਬਾਅਦ ਹੜਕੰਪ ਮਚ ਗਿਆ ਹੈ। ਦਿੱਲੀ ਪੁਲਿਸ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਉਪਰ ਇੱਕ ਡਰੋਨ ਉੱਡਣ ਦੀ ਸੂਚਨਾ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਿਵਾਸ ਦੇ ਉੱਪਰ ਨੋ ਫਲਾਇੰਗ ਜ਼ੋਨ ਵਿੱਚ ਡਰੋਨ ਉਡਾਉਣ ਦੀ ਸੂਚਨਾ ਮਿਲੀ ਹੈ। ਐਸਪੀਜੀ ਨੇ ਸਵੇਰੇ 5:30 ਵਜੇ ਪੁਲਿਸ ਨਾਲ ਸੰਪਰਕ ਕੀਤਾ।
ਦਿੱਲੀ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਦਿੱਲੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
NDD ਕੰਟਰੋਲ ਰੂਮ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਇੱਕ ਅਣਪਛਾਤੀ ਉੱਡਣ ਵਾਲੀ ਵਸਤੂ ਬਾਰੇ ਸੂਚਨਾ ਮਿਲੀ। ਨੇੜੇ ਦੇ ਇਲਾਕਿਆਂ ਵਿੱਚ ਪੂਰੀ ਤਲਾਸ਼ੀ ਲਈ ਗਈ, ਪਰ ਅਜਿਹੀ ਕੋਈ ਵਸਤੂ ਨਹੀਂ ਮਿਲੀ। ਏਅਰ ਟ੍ਰੈਫਿਕ ਕੰਟਰੋਲ ਰੂਮ (ਏਟੀਸੀ) ਨਾਲ ਵੀ ਸੰਪਰਕ ਕੀਤਾ ਗਿਆ ਸੀ, ਉਨ੍ਹਾਂ ਨੇ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਅਜਿਹੀ ਕੋਈ ਉੱਡਦੀ ਵਸਤੂ ਦਾ ਪਤਾ ਨਹੀਂ ਲਗਾਇਆ।- ਦਿੱਲੀ ਪੁਲਿਸ ਦਾ ਬਿਆਨ
ਡਰੋਨ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ: ਦਰਅਸਲ, ਦਿੱਲੀ ਪੁਲਿਸ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ ‘ਤੇ ਕਥਿਤ ਤੌਰ ‘ਤੇ ਘੁੰਮਣ ਵਾਲੇ ਡਰੋਨ ਦੀ ਤਲਾਸ਼ ‘ਚ ਹੈ। ਸਵੇਰੇ 5 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਨ ਵਾਲੀ ਸਪੈਸ਼ਲ ਫੋਰਸ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਅਧਿਕਾਰੀਆਂ ਦੁਆਰਾ ਪੁਲਿਸ ਨੂੰ ਡਰੋਨ ਦੇਖੇ ਜਾਣ ਦੀ ਸੂਚਨਾ ਦਿੱਤੀ ਗਈ। ਅਲਰਟ ਹੋਣ ਤੋਂ ਬਾਅਦ, ਦਿੱਲੀ ਪੁਲਿਸ ਨੇ ਡਰੋਨ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ, ਹਾਲਾਂਕਿ ਕਿਸੇ ਵੀ ਡਰੋਨ ਦਾ ਪਤਾ ਨਹੀਂ ਲੱਗਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੀਐਮ ਮੋਦੀ ਦੀ ਰਿਹਾਇਸ਼ ਰੈੱਡ ਨੋ-ਫਲਾਈ ਜ਼ੋਨ ਜਾਂ ਨੋ ਡਰੋਨ ਜ਼ੋਨ ਦੇ ਅਧੀਨ ਆਉਂਦੀ ਹੈ।
ਸਖ਼ਤ ਹੁੰਦੇ ਹਨ ਸੁਰੱਖਿਆ ਪ੍ਰਬੰਧ: ਜੇਕਰ ਪੀਐਮ ਹਾਊਸ ਦੀ ਸੁਰੱਖਿਆ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ, ਇੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੁੰਦੇ ਹਨ। ਪ੍ਰਧਾਨ ਮੰਤਰੀ ਨਿਵਾਸ ਦੀ ਐਂਟਰੀ 9, ਲੋਕ ਕਲਿਆਣ ਮਾਰਗ ਨਾਲ ਮਿਲਦੀ ਹੈ। ਪਹਿਲਾਂ ਕਾਰ ਪਾਰਕਿੰਗ ਵਿੱਚ ਰੱਖੀ ਜਾਂਦੀ ਹੈ, ਫਿਰ ਵਿਅਕਤੀ ਨੂੰ ਰਿਸੈਪਸ਼ਨ ਵਿੱਚ ਭੇਜਿਆ ਜਾਂਦਾ ਹੈ। ਫਿਰ ਸੁਰੱਖਿਆ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਵਿਅਕਤੀ 7, 5, 3 ਅਤੇ 1 ਲੋਕ ਕਲਿਆਣ ਮਾਰਗ ਵਿੱਚ ਐਂਟਰੀ ਲੈਂਦਾ ਹੈ।
|
ਪਰਿਵਾਰ ਨੂੰ ਵੀ ਗੁਜ਼ਰਨਾ ਪੈਂਦਾ ਤਲਾਸ਼ੀ ਦੇ ਨਿਯਮ ਤੋਂ: ਦੱਸ ਦਈਏ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚਣ ਲਈ ਸੁਰੱਖਿਆ ਜਾਂਚ ਇੰਨੀ ਸਖ਼ਤ ਹੈ ਕਿ ਜੇਕਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਆਉਂਦੇ ਹਨ, ਤਾਂ ਉਨ੍ਹਾਂ ਨੂੰ ਵੀ ਇਸ ਜਾਂਚ ਤੋਂ ਗੁਜ਼ਰਨਾ ਪੈਂਦਾ ਹੈ। ਪ੍ਰਧਾਨ ਮੰਤਰੀ ਵਿਚ ਕਿਸੇ ਵੀ ਵਿਅਕਤੀ ਦੀ ਐਂਟਰੀ ਲੈਣ ਤੋਂ ਪਹਿਲਾਂ ਸਕੱਤਰਾਂ ਦੀ ਤਰਫੋਂ ਮੁਲਾਕਾਤ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ, ਜਿਨ੍ਹਾਂ ਵਿਅਕਤੀਆਂ ਦਾ ਨਾਮ ਸੂਚੀ ਵਿੱਚ ਹੋਵੇਗਾ, ਉਹ ਹੀ ਪੀਐਮ ਨਾਲ ਮਿਲ ਸਕਦੇ ਹਨ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਹੇ ਵਿਅਕਤੀ ਕੋਲ ਪਛਾਣ ਪੱਤਰ ਹੋਣਾ ਵੀ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਬੰਗਲਾ ਨੰਬਰ 7 ਹੈ, ਜੋ ਲੋਕ ਕਲਿਆਣ ਮਾਰਗ, ਰਾਜਧਾਨੀ ਦਿੱਲੀ ਦੇ ਲੁਟੀਅਨ ਜ਼ੋਨ ‘ਤੇ ਸਥਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ 2014 ਤੋਂ ਰਹਿ ਰਹੇ ਹਨ। ਪ੍ਰਧਾਨ ਮੰਤਰੀ ਨਿਵਾਸ ਦਾ ਅਧਿਕਾਰਤ ਨਾਮ ‘ਪੰਚਵਟੀ’ ਹੈ, ਜੋ 5 ਬੰਗਲਿਆਂ ਤੋਂ ਮਿਲ ਕੇ ਬਣਿਆ ਹੈ।