ਬੀਜਿੰਗ (ਏਪੀ) : ਕੋਵਿਡ-19 ਮਹਾਮਾਰੀ ਦੇ ਪਰਛਾਵੇਂ ਹੇਠ ਸ਼ੁੱਕਰਵਾਰ ਤੋਂ ਇੱਥੇ ਵਿੰਟਰ ਓਲਿੰਪਕ ਸ਼ੁਰੂ ਹੋਣਗੇ।
ਖੇਡਾਂ ਦੀ ਸ਼ੁਰੂਆਤ ਉਦਘਾਟਨੀ ਸਮਾਗਮ ਨਾਲ ਹੋਵੇਗੀ। ਵਿੰਟਰ ਖੇਡਾਂ ਤਕ ਦਾ ਸਫ਼ਰ ਬੀਜਿੰਗ ਲਈ ਸੌਖਾ ਨਹੀਂ ਰਿਹਾ। ਚੀਨ ਲਈ ਸਭ ਤੋਂ ਵੱਡੀ ਚੁਣੌਤੀ ਖਿਡਾਰੀਆਂ ਦੀ ਸੁਰੱਖਿਆ ਤੇ ਸਿਹਤ ਦੀ ਹੋਵੇਗੀ। ਦੇਸ਼ ਨੂੰ ਕੋਵਿਡ ਦੇ ਪ੍ਰਸਾਰ ਨੂੰ ਰੋਕਣਾ ਪਵੇਗਾ। ਸਾਰੇ ਹਿੱਸੇਦਾਰਾਂ ਦੇ ਹਰ ਰੋਜ਼ ਕੋਰੋਨਾ ਟੈਸਟ ਹੋ ਰਹੇ ਹਨ ਤੇ ਕਿਸੇ ਵੀ ਖਿਡਾਰੀ ਨੂੰ ਹੋਟਲ ਤੇ ਓਲੰਪਿਕ ਦੀਆਂ ਥਾਵਾਂ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਖੇਡਾਂ ਦੌਰਾਨ ਸੀਮਤ ਗਿਣਤੀ ਵਿਚ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਮਿਲੇਗੀ। ਬੈਲਜੀਅਮ ਦੀ ਰੇਸਰ ਕਿਮ ਮੇਯਲੇਮੈਨਜ਼ ਵਿੰਟਰ ਓਲੰਪਿਕ ਲਈ ਖਿਡਾਰੀਆਂ ਵਿਚ ਸਭ ਤੋਂ ਪਹਿਲਾਂ ਖੇਡ ਪਿੰਡ ਪੁੱਜੀ ਸੀ ਤੇ ਉਹ ਇੱਥੇ ਕੁਆਰੰਟਾਈਨ ਨਾਲ ਪਰੇਸ਼ਾਨ ਹੋ ਗਈ ਹੈ। ਕਿਮ ਬੀਜਿੰਗ ਪੁੱਜਣ ‘ਤੇ ਕੋਰੋਨਾ ਪਾਜ਼ੇਟਿਵ ਹੋ ਗਈ ਸੀ ਤੇ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਸੀ। ਹੁਣ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਭਾਰਤੀ ਟੀਮ ਦੇ ਮੈਨੇਜਰ ਹੁਣ ਜਾਂਚ ‘ਚ ਨੈਗੇਟਿਵ
ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਇਕ ਦਿਨ ਬਾਅਦ ਭਾਰਤ ਦੇ ਵਿੰਟਰ ਓਲੰਪਿਕ ਟੀਮ ਦੇ ਮੈਨੇਜਰ ਮੁਹੰਮਦ ਅੱਬਾਸ ਵਾਨੀ ਦੇ ਦੁਬਾਰਾ ਕੀਤੇ ਗਏ ਦੋ ਟੈਸਟਾਂ ਵਿਚ ਰਿਪੋਰਟ ਨੈਗੇਟਿਵ ਆਈ ਹੈ। ਭਾਰਤ ਵੱਲੋਂ ਇੱਕੋ ਇਕ ਖਿਡਾਰੀ ਕਸ਼ਮੀਰ ਦੇ ਸਕੀਅਰ ਆਰਿਫ਼ ਖ਼ਾਨ ਹਿੱਸਾ ਲੈ ਰਹੇ ਹਨ। ਬੀਜਿੰਗ ਵਿਚ ਭਾਰਤ ਦੀ ਪੂਰੀ ਟੀਮ ਹੁਣ ਕੋਰੋਨਾ ਮੁਕਤ ਹੈ।