ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਖਸਤਾਹਾਲ ਅਰਥਚਾਰੇ ’ਚ ਸੁਧਾਰ ਲਿਆਉਣ ਲਈ ਅਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਵਧਾਉਣ ਦੀਆਂ ਕੋਸ਼ਿਸ਼ਾਂ ’ਚ ਨਾਕਾਮ ਰਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਾਊਦੀ ਅਰਬ ਤੋਂ ਵੀ ਫ਼ਿਲਹਾਲ ਮਾਯੂਸੀ ਹੀ ਮਿਲੀ ਹੈ। ਸਾਊਦੀ ਅਰਬ ਨਾਲ ਹੋਇਆ 20 ਅਰਬ ਡਾਲਰ ਦਾ ਕਰਾਰ ਹਾਲੇ ਧਰਾਤਲ ’ਤੇ ਨਹੀਂ ਉਤਰਿਆ ਜਿਸ ਤੋਂ ਪਾਕਿਸਤਾਨ ਨੂੰ ਕਾਫੀ ਉਮੀਦਾਂ ਸਨ।
ਇਹ ਸਮਝੌਤਾ ਉਦੋਂ ਹੋਇਆ ਸੀ ਜਦੋਂ ਬੀਤੇ ਸਾਲ ਸਾਊਦੀ ਅਰਬ ਦੇ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਨੇ ਇਸਲਾਮਾਬਾਦ ਦਾ ਦੌਰਾ ਕੀਤਾ ਸੀ।
ਇਸਲਾਮ ਖ਼ਬਰ ਮੁਤਾਬਕ, ਲੰਮੇ ਸਮੇਂ ਦੇ ਨਿਵੇਸ਼ ਤਹਿਤ 10 ਅਰਬ ਡਾਲਰ ਦੀ ਲਾਗਤ ਨਾਲ ਬਣਨ ਵਾਲੀ ਸਾਊਦੀ ਅਰਾਮਕੋ ਆਇਲ ਰਿਫਾਇਨਰੀ ਦਾ ਕੰਮ ਵੀ ਹਾਲੇ ਸ਼ੁਰੂ ਨਹੀਂ ਹੋਇਆ ਜਿਹੜਾ ਪਾਕਿਸਤਾਨ ਲਈ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਐਲਾਨ ਸੀ। ਐੱਫਡੀਆਈ ’ਚ ਕਮੀ ਤੋਂ ਫ਼ਿਕਰਮੰਦ ਇਮਰਾਨ ਖ਼ਾਨ ਨੇ ਅਕਤੂਬਰ 2021 ’ਚ ਸਾਊਦੀ-ਪਾਕਿਸਤਾਨ ਇਨਵੈਸਟਮੈਂਟ ਫੋਰਮ ’ਚ ਸਾਊਦੀ ਕੰਪਨੀਆਂ ਤੇ ਅਦਾਰਿਆਂ ਨੂੰ ਊੁਰਜਾ, ਨਿਰਮਾਣ, ਲਾਜਿਸਟਿਕਸ ਤੇ ਆਵਾਜਾਈ ਆਦਿ ਖੇਤਰਾਂ ’ਚ ਨਿਵੇਸ਼ ਕਰਨ ਦੀ ਬੇਨਤੀ ਕੀਤੀ ਸੀ। ਹਾਲਾਂਕਿ ਉਹ ਗ਼ੈਰ-ਜ਼ਰੂਰੀ ਬੁਨਿਆਦੀ ਢਾਂਚੇ (ਪਾਣੀ, ਗੈਸ, ਬਿਜਲੀ ਤੇ ਆਵਾਜਾਈ), ਸਮੁੱਚੀ ਸੰਸਥਾਗਤ ਵਿਵਸਥਾ ਨਾ ਹੋਣ ਤੇ ਭ੍ਰਿਸ਼ਟਾਚਾਰ ਕਾਰਨ ਪਾਕਿਸਤਾਨ ’ਚ ਨਿਵੇਸ਼ ਕਰਨ ਤੋਂ ਝਿਜਕ ਰਹੇ ਹਨ। ਉਨ੍ਹਾਂ ਨੂੰ ਵਿਭਾਗ ਤੋਂ ਮਨਜ਼ੂਰੀ ਮਿਲਣ ਤੇ ਬੈਂਕਿੰਗ ਸਹੂਲਤ ਨਾਲ ਜੁੜੀਆਂ ਚਿੰਤਾਵਾਂ ਵੀ ਸਨ।
ਪਾਕਿਸਤਾਨੀ ਅਖ਼ਬਾਰ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਸਾਊਦੀ ਕੰਪਨੀਆਂ ਪਾਕਿਸਤਾਨ ਦੀ ਵਿਦੇਸ਼ ਨੀਤੀ ’ਚ ਸਥਿਰਤਾ ਤੇ ਪਾਰਦਰਸ਼ਿਤਾ ਦੀ ਕਮੀ ਤੋਂ ਵੀ ਫ਼ਿਕਰਮੰਦ ਸਨ। ਸਿਆਸੀ ਦਖ਼ਲ ਤੇ ਇਮਰਾਨ ਸਰਕਾਰ ਖ਼ਿਲਾਫ਼ ਲਗਾਤਾਰ ਹੁੰਦੇ ਮੁਜ਼ਾਹਰਿਆਂ ਨੇ ਵੀ ਸਾਊਦੀ ਕੰਪਨੀਆਂ ਨੂੰ ਨਿਵੇਸ਼ ਦੇ ਮੁੱਦੇ ’ਤੇ ਸੋਚਣ ਲਈ ਮਜਬੂਰ ਕਰ ਦਿੱਤਾ।