ਚੰਡੀਗੜ੍ਹ: 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਬੀਤੀ ਦੇਰ ਉਮੀਦਵਾਰਾਂ ਦੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਕਾਂਗਰਸ ਦੇ ਕਈ ਨੇਤਾਵਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ ਤੇ ਕਈ ਟਿਕਟਾਂ ਦੀ ਅਦਲਾ ਬਦਲੀ ਕੀਤੀ ਗਈ ਹੈ।
ਇਸੇ ਤਹਿਤ ਕਾਂਗਰਸ ਪਾਰਟੀ ਨੇ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਨੂੰ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਹਲਕੇ ਤੋਂ ਟਿਕਟ ਦੇ ਦਿੱਤੀ ਹੈ, ਜਦਕਿ ਹਲਕੇ ‘ਚ ਪਿਛਲੇ ਸਮੇਂ ਤੋਂ ਸਰਗਰਮ ਦਮਨ ਥਿੰਦ ਬਾਜਵਾ ਦੀ ਟਿਕਟ ਕੱਟ ਦਿੱਤੀ ਹੈ।
ਇਸ ਦੌਰਾਨ ਸੁਨਾਮ ਤੋਂ ਟਿਕਟ ਮਿਲਣ ‘ਤੇ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਨੇ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਨਾਮ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਵਾਂਗੇ। ਇਸ ਦੇ ਨਾਲ ਹੀ ਸੁਰਜੀਤ ਸਿੰਘ ਧੀਮਾਨ ਜੋ ਕਾਂਗਰਸ ਦੇ ਵੱਡੇ ਆਗੂ ਹਨ, ਨੇ ਵੀ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ 3 ਵਿਧਾਨ ਸਭਾ ਸੀਟਾਂ ਸੁਨਾਮ, ਦਿੜ੍ਹਬਾ ਅਤ ਅਮਰਗੜ੍ਹ ‘ਤੇ ਮੇਰੀ ਜ਼ਿੰਮੇਵਾਰੀ ਹੈ।
ਸੁਰਜੀਤ ਸਿੰਘ ਧੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ ਤੇ ਦਿੜਬਾ ਤੋਂ ਅਜੈਬ ਸਿੰਘ ਰਟੌਲ ਤੇ ਅਮਰਗੜ੍ਹ ਤੋਂ ਸੁਮਿਤ ਚੌਂਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤੇ ਉਹ ਤਿੰਨੋਂ ਸੀਟਾਂ ਵੱਡੇ ਫਰਕ ਨਾਲ ਜਿੱਤਣਗੇ। ਸੁਰਜੀਤ ਸਿੰਘ ਧੀਮਾਨ ਪਹਿਲਾਂ ਅਮਰਗੜ੍ਹ ਤੋਂ ਵਿਧਾਇਕ ਹਨ ਅਤੇ ਇਸ ਵਾਰ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸੁਮਿਤ ਨੂੰ ਉਥੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।
ਉਧਰ ਦੂਜੇ ਪਾਸੇ ਟਿਕਟ ਕੱਟੇ ਜਾਣ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਦੇ ਹੋਏ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਪਹਿਲੀ ਲਿਸਟ ਵਿੱਚ ਆਉਣ ਤੋਂ ਬਾਅਦ ਮੈਨੂੰ ਕਿੱਥੇ ਪਤਾ ਲੱਗ ਗਿਆ ਸੀ ਕਿ ਮੇਰੀ ਟਿਕਟ ਕੱਟ ਜਾਵੇਗੀ। ਉਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਿੱਥੇ ਭਾਈ-ਭਤੀਜਾਵਾਦ ਮੁੱਖ ਰਿਹਾ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਭਤੀਜੇ ਨੂੰ ਅਮਰਗੜ੍ਹ ਤੇ ਸੁਰਜੀਤ ਸਿੰਘ ਧੀਮਾਨ ਦੇ ਭਤੀਜੇ ਨੂੰ ਸੁਨਾਮ ਤੋਂ ਟਿਕਟ ਮਿਲੀ ਹੈ।
ਦਮਨ ਥਿੰਦ ਬਾਜਵਾ ਨੇ ਕਿਹਾ ਕਿ ਜਿਵੇਂ ਸੁਨਾਮ ਦੇ ਲੋਕ ਚਾਹੁਣਗੇ, ਮੈਂ ਕਰਾਂਗੀ। ਉਨ੍ਹਾਂ ਨੇ ਕਿਹਾ ਕਿ ਸੁਨਾਮ ਨਹੀਂ ਛੱਡਾਂਗਾ, ਖੁੱਲ੍ਹ ਕੇ ਮੈਦਾਨ ਵਿੱਚ ਉਤਰਨ ਦੀ ਵੀ ਗੱਲ ਕਹੀ ਹੈ ਪਰ ਇਸ ਤੋਂ ਪਹਿਲਾਂ ਇੱਕ ਵਾਰ ਪਾਰਟੀ ਹਾਈਕਮਾਂਡ ਨਾਲ ਮੁਲਾਕਾਤ ਕੀਤੀ ਜਾਵੇਗੀ। ਬਾਜਵਾ ਨੇ ਕਿਹਾ ਮੈਨੂੰ ਪਤਾ ਹੈ ਕਿ ਮੈਨੂੰ ਮੇਰੀ ਟਿਕਟ ਨਹੀਂ ਮਿਲੇਗੀ।