ਚੰਡੀਗੜ੍ਹ: ਵਿਧਾਨ ਸਭਾ ਚੋਣਾਂ ( Assembly elections) ਦੇ ਮੱਦੇਨਜ਼ਰ ਪੰਜਾਬ ਵਿੱਚ ਸਿਆਸੀ ਪਾਰਾ ਚੜ੍ਹ ਗਿਆ ਹੈ। ਪੰਜਾਬ ‘ਚ ਕਾਂਗਰਸ ਨੇ ਹੁਣ ਤੱਕ 86 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਲਦੀ ਹੀ 31 ਸੀਟਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਵੀ ਜਾਰੀ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਬਾਕੀ 31 ਨਾਵਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਸਿੱਧੂ ਕਰੀਬ 9 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ ਨੂੰ ਮੈਦਾਨ ‘ਚ ਉਤਾਰਨਾ ਚਾਹੁੰਦੇ ਹਨ, ਜਦਕਿ ਸੀਐਮ ਚੰਨੀ ਇਸ ਨਾਲ ਸਹਿਮਤ ਨਹੀਂ ਹਨ।
ਸੂਤਰਾਂ ਮੁਤਾਬਕ, ਇਸੇ ਕਾਰਨ ਸੀਈਸੀ ਦੀ ਮੀਟਿੰਗ ਵਿੱਚ ਬਾਕੀ 31 ਨਾਵਾਂ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਕਾਂਗਰਸ ਨੇ ਹੁਣ ਨਾਵਾਂ ‘ਤੇ ਸਹਿਮਤੀ ਲਈ 3 ਨੇਤਾਵਾਂ ਦੀ ਕਮੇਟੀ ਬਣਾਈ ਹੈ, ਜਿਸ ‘ਚ ਅਜੇ ਮਾਕਨ, ਕੇਸੀ ਵੇਣੂਗੋਪਾਲ ਅਤੇ ਅੰਬਿਕਾ ਸੋਨੀ ਦੇ ਨਾਂ ਸ਼ਾਮਲ ਹਨ। ਹੁਣ ਇਹ ਤਿੰਨੋਂ ਬਾਕੀ ਸੀਟਾਂ ‘ਤੇ ਉਮੀਦਵਾਰਾਂ ਦੇ ਨਾਵਾਂ ਦਾ ਫੈਸਲਾ ਕਰਨਗੇ।