Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਕਾਂਗਰਸ ਸ਼ਨੀਵਾਰ ਨੂੰ ਵੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਨਹੀਂ ਕਰ ਸਕੀ। ਕਾਂਗਰਸ ਨੇ 31 ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਸੀ, ਪਰ ਸਹਿਮਤੀ ਨਹੀਂ ਬਣ ਸਕੀ।
ਇਹ ਸੂਚੀ ਪਿਛਲੇ ਕਈ ਦਿਨਾਂ ਤੋਂ ਟਲਦੀ ਆ ਰਹੀ ਹੈ। ਹੁਣ ਕਾਂਗਰਸ ਹਾਈਕਮਾਨ ਨੇ ਇਸ ਲਈ ਸਬ-ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਸਬ-ਕਮੇਟੀ ‘ਚ ਕੇਸੀ ਵੇਣੂਗੋਪਾਲ, ਮੁਕੁਲ ਵਾਸਨਿਕ, ਅੰਬਿਕਾ ਸੋਨੀ ਤੇ ਅਜੇ ਮਾਕਨ ਨੂੰ ਮੈਂਬਰ ਬਣਾਇਆ ਗਿਆ ਹੈ।
ਸੂਤਰਾਂ ਮੁਤਾਬਕ ਨਵਜੋਤ ਸਿੱਧੂ, ਚਰਨਜੀਤ ਚੰਨੀ ਤੇ ਸੁਨੀਲ ਜਾਖੜ ਵਿਚਕਾਰ ਉਮੀਦਵਾਰਾਂ ਦੇ ਨਾਵਾਂ ‘ਤੇ ਸਹਿਮਤੀ ਨਹੀਂ ਬਣ ਸਕੀ। ਇਸ ਤੋਂ ਤੈਅ ਹੈ ਕਿ ਕਾਂਗਰਸ ਵਿੱਚ ਕਲੇਸ਼ ਤੇ ਧੜੇਬੰਦੀ ਜਾਰੀ ਹੈ। ਇਹ ਧੜੇਬੰਦੀ ਚੋਣਾਂ ਵਿੱਚ ਵੱਡਾ ਅਸਰ ਪਾ ਸਕਦੀ ਹੈ। ਕਾਂਗਰਸ ਦੀ ਪਹਿਲੀ ਸੂਚੀ ਮਗਰੋਂ ਵੀ ਕਈ ਹਲਕਿਆਂ ਵਿੱਚ ਵਿਰੋਧ ਹੋ ਰਿਹਾ ਹੈ। ਇਸ ਲਈ ਹਾਈਕਮਾਨ ਅਗਲੀ ਸੂਚੀ ਬੜਾ ਸੋਚ-ਸਮਝ ਕੇ ਜਾਰੀ ਕਰਨਾ ਚਾਹੁੰਦੀ ਹੈ।
ਦੱਸ ਦਈਏ ਕਿ ਪਹਿਲੀ ਸੂਚੀ ਜਾਰੀ ਹੋਣ ਮਗਰੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਬੱਸੀ ਪਠਾਣਾ ਵਿਧਾਨ ਸਭਾ ਸੀਟ ਤੋਂ ਦਾਅਵੇਦਾਰੀ ਪੇਸ਼ ਕੀਤੀ ਸੀ। ਇੱਥੋਂ ਤੱਕ ਕਿ ਸੀਨੀਅਰ ਮੈਡੀਕਲ ਅਫਸਰ ਦੀ ਨੌਕਰੀ ਵੀ ਛੱਡ ਦਿੱਤੀ ਸੀ। ਕਾਂਗਰਸ ਨੇ ਉੱਥੋਂ ਮੌਜੂਦਾ ਵਿਧਾਇਕ ਗੁਰਪ੍ਰੀਤ ਜੀਪੀ ਨੂੰ ਟਿਕਟ ਦਿੱਤੀ ਹੈ। ਹੁਣ ਡਾ. ਮਨੋਹਰ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ।
ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਸਰਕਾਰ ‘ਚ ਮੰਤਰੀ ਰਹੇ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਨੂੰ ਟਿਕਟ ਦੇਣ ਦੀ ਮੰਗ ਕਰ ਰਹੇ ਸਨ। ਕਾਂਗਰਸ ਨੇ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਤੇ ਸੁਲਤਾਨਪੁਰ ਲੋਧੀ ਤੋਂ ਮੌਜੂਦਾ ਵਿਧਾਇਕ ਨਵਤੇਜ ਚੀਮਾ ਨੂੰ ਟਿਕਟ ਦਿੱਤੀ ਹੈ। ਹੁਣ ਰਾਣਾ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਬਟਾਲਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਸਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਫਤਿਹਗੜ੍ਹ ਚੂੜੀਆਂ ਤੋਂ ਟਿਕਟ ਦਿੱਤੀ ਹੈ। ਬਾਜਵਾ ਇੱਥੋਂ ਦੇ ਵਿਧਾਇਕ ਹਨ। ਹੁਣ ਉਹ ਬਟਾਲਾ ਲਈ ਵੀ ਟਿਕਟ ਮੰਗ ਰਹੇ ਹਨ। ਜਿੱਥੋਂ ਨਵਜੋਤ ਸਿੱਧੂ ਅਸ਼ਵਨੀ ਸ਼ੇਖੜੀ ਦੇ ਹੱਕ ‘ਚ ਖੜੇ ਹਨ। ਬਾਜਵਾ ਦਾ ਕਹਿਣਾ ਹੈ ਕਿ ਸਮਰਥਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਉਹ ਬਟਾਲਾ ਤੋਂ ਖੁਦ ਚੋਣ ਲੜਨ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਲੜਾਉਣ।
ਸ੍ਰੀ ਹਰਗੋਵਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ, ਜੋ ਹਾਲ ਹੀ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਹਨ। ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਟਿਕਟ ਦੇਣ ਦਾ ਭਰੋਸਾ ਦੇ ਕੇ ਪਾਰਟੀ ਵਿੱਚ ਵਾਪਸ ਬੁਲਾਇਆ ਸੀ, ਪਰ ਲਾਡੀ ਨੂੰ ਵੀ ਟਿਕਟ ਨਹੀਂ ਮਿਲੀ। ਹੁਣ ਉਨ੍ਹਾਂ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਹੈ।
ਇੰਨਾ ਹੀ ਨਹੀਂ ਕਾਂਗਰਸ ਪਾਰਟੀ ਨੇ ਮੋਹਿੰਦਰ ਸਿੰਘ ਕੇਪੀ ਨੂੰ ਵੀ ਟਿਕਟ ਨਹੀਂ ਦਿੱਤੀ ਹੈ, ਜੋ ਸੀਐਮ ਚੰਨੀ ਦੇ ਕਰੀਬੀ ਰਿਸ਼ਤੇਦਾਰ ਹਨ। ਉਹ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਥਾਂ ‘ਤੇ ਬਸਪਾ ਛੱਡ ਕੇ ਪਿਛਲੇ ਸਾਲ ਦਸੰਬਰ ‘ਚ ਕਾਂਗਰਸ ‘ਚ ਸ਼ਾਮਲ ਹੋਏ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਗਈ ਹੈ।