ਟੋਰਾਂਟੋ : ਇੰਮੀਗ੍ਰੇਸ਼ਨ ਅਰਜ਼ੀਆਂ ਦੇ ਢੇਰ ਲੱਗਣ ਤੋਂ ਪ੍ਰੇਸ਼ਾਨ ਕੈਨੇਡਾ ਸਰਕਾਰ ਨੇ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਆਰਜ਼ੀ ਤੌਰ ‘ਤੇ ਬੰਦ ਕਰ ਦਿਤੀ ਹੈ | ਨੈਸ਼ਨਲ ਪੋਸਟ ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਹਾਈ ਸਕਿਲਡ ਵਰਕਰਾਂ ਦੀ ਸ਼੍ਰੇਣੀ ਵਿਚ ਪੀ.ਆਰ. ਵਾਸਤੇ ਨਵੇਂ ਸੱਦੇ ਭੇਜਣ ਦੀ ਪ੍ਰਕਿਰਿਆ ਫ਼ਿਲਹਾਲ ਰੋਕ ਦਿਤੀ ਗਈ ਹੈ ਅਤੇ ਬੈਕਲਾਗ ਦੀ ਸਮੱਸਿਆ ਨਾਲ ਨਜਿੱਠਣ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ | ਇੰਮੀਗ੍ਰੇਸ਼ਨ ਵਕੀਲ ਸਟੀਵਨ ਮਰਨਜ਼ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੇ ਮੀਮੋ ਵਿਚ ਕਿਹਾ ਗਿਆ ਹੈ ਕਿ ਹਾਈ ਸਕਿਲਡ ਵਰਕਰਾਂ ਵੱਲੋਂ ਦਾਖ਼ਲ ਅਰਜ਼ੀਆਂ ਦਾ ਬੈਕਲਾਗ 76 ਹਜ਼ਾਰ ਤੱਕ ਪੁੱਜ ਗਿਆ ਹੈ ਅਤੇ ਇਹ ਗਿਣਤੀ 2023 ਵਾਸਤੇ ਇਸ ਸ਼੍ਰੇਣੀ ਅਧੀਨ ਤੈਅ ਟੀਚੇ ਤੋਂ ਵੱਧ ਬਣਦੀ ਹੈ | ਮੀਮੋ ਕਹਿੰਦਾ ਹੈ ਕਿ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਜਿਸ ਵਿਚ ਸਕਿਲਡ ਵਰਕਰਾਂ ਤੋਂ ਇਲਾਵਾ ਕੈਨੇਡੀਅਨ ਤਜਰਬੇ ਵਾਲੇ ਪ੍ਰਵਾਸੀ ਵੀ ਸ਼ਾਮਲ ਹਨ, ਅਧੀਨ ਅਰਜ਼ੀਆਂ ਦੀ ਗਿਣਤੀ 2 ਲੱਖ 7 ਹਜ਼ਾਰ ਤੱਕ ਪਹੁੰਚ ਗਈ ਹੈ | ਇਸ ਤੋਂ ਇਲਾਵਾ ਪਰਵਾਰਾਂ ਦੇ ਮਿਲਾਪ ਅਤੇ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਵੱਖਰੇ ਤੌਰ ‘ਤੇ ਅਰਜ਼ੀਆਂ ਪੁੱਜਦੀਆਂ ਹਨ |