ਸ੍ਰੀ ਚਮਕੌਰ ਸਾਹਿਬ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਮਾਣਹਾਨੀ ਦਾ ਮੁੱਕਦਮਾ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਉਨ੍ਹਾਂ ਉਪਰ ਰੇਤ ਮਾਫੀਆ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਦਾ ਅਕਸ ਖਰਾਬ ਕਰ ਰਹੇ ਹਨ। ਇਸ ਲਈ ਉਹ ਕੇਜਰੀਵਾਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰਨਗੇ, ਇਸ ਲਈ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਤੋਂ ਇਜਾਜ਼ਤ ਮੰਗੀ ਹੈ।
ਚਰਨਜੀਤ ਸ਼ੁੱਕਰਵਾਰ ਨੂੰ ਆਪਣੇ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਿਚ 200 ਕਰੋੜ ਰੁਪਏ ਦੇ ਹੋਰਡਿੰਗਸ ਲਗਵਾਏ ਹਨ, ਪਹਿਲਾਂ ਉਹ ਦੱਸਣ ਕਿ ਉਨ੍ਹਾਂ ਕੋਲ ਇੰਨਾ ਪੈਸਾ ਕਿੱਥੋ ਆਇਆ ਹੈ। ਇਸ ਤੋਂ ਇਲਾਵਾ ਗੋਆ, ਉਤਰਾਖੰਡ ਵਿਚ ਵੀ ਕੇਜਰੀਵਾਲ ਨੇ ਕਰੋੜਾਂ ਰੁਪਏ ਖਰਚ ਕਰਕੇ ਹੋਰਡਿੰਗਸ ਲਗਵਾਏ ਹਨ। ਪਹਿਲਾਂ ਉਨ੍ਹਾਂ ਨੂੰ ਇਸ ਪੈਸੇ ਦਾ ਹਿਸਾਬ ਦੇਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਮੇਰੇ ਕੋਲ ਆਪਣੀ ਚੋਣ ਲੜਨ ਲਈ ਪੈਸੇ ਨਹੀਂ ਹਨ, ਲਿਹਾਜ਼ਾ ਉਨ੍ਹਾਂ ਦੇ ਆਪਣੇ ਹਲਕੇ ਵਿਚ ਅਜੇ ਤਕ ਉਨ੍ਹਾਂ ਦੇ ਨਾਂ ਦਾ ਕੋਈ ਹੋਰਡਿੰਗ ਨਹੀਂ ਲੱਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੇਰੇ ਰਿਸ਼ਤੇਦਾਰ ਘਰੋਂ ਪੈਸੇ ਫੜੇ ਗਏ ਹਨ, ਤਾਂ ਇਸ ਵਿਚ ਮੇਰਾ ਨਾਮ ਕਿਉਂ ਜੋੜਿਆ ਜਾ ਰਿਹਾ ਹੈ। ਮੇਰੀ ਤਸਵੀਰ ਪੈਸਿਆਂ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਹੈ। ਕੇਜਰੀਵਾਲ ਦਾ ਭਤੀਜਾ 130 ਕਰੋੜ ਰੁਪਏ ਨਾਲ ਫੜਿਆ ਗਿਆ ਸੀ, ਉਦੋਂ ਕਿਉਂ ਨਹੀਂ ਉਹ ਬੋਲੇ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਕੋਈ ਗ਼ਲਤੀ ਹੁੰਦੀ ਤਾਂ ਈ. ਡੀ. ਮੇਰੇ ‘ਤੇ ਕਾਰਵਾਈ ਕਰਦੀ। ਮੈਨੂੰ ਮਜ਼ਬੂਰ ਹੋ ਕੇ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰਨ ਦਾ ਫ਼ੈਸਲਾ ਲੈਣਾ ਪੈ ਰਿਹਾ ਹੈ।