ਨਵੀਂ ਦਿੱਲੀ: ਖੁਫੀਆ ਏਜੰਸੀਆਂ ਨੂੰ ਗਣਤੰਤਰ ਦਿਵਸ ‘ਤੇ ਸੰਭਾਵੀ ਅੱਤਵਾਦੀ ਸਾਜ਼ਿਸ਼ ਬਾਰੇ ਅਲਰਟ ਮਿਲਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਆਗੂਆਂ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਨੌਂ ਪੰਨਿਆਂ ਦੀ ਖੁਫੀਆ ਜਾਣਕਾਰੀ ‘ਚ ਪੀਐਮ ਮੋਦੀ ਤੇ ਉਨ੍ਹਾਂ ਹਸਤੀਆਂ ਲਈ ਖਤਰਾ ਦੱਸਿਆ ਗਿਆ ਹੈ ਜੋ ਗਣਤੰਤਰ ਦਿਵਸ ਸਮਾਗਮ ‘ਚ ਸ਼ਾਮਲ ਹੋਣਗੇ।
ਗਣਤੰਤਰ ਦਿਵਸ ‘ਤੇ ਪੰਜ ਮੱਧ ਏਸ਼ਿਆਈ ਦੇਸ਼ਾਂ-ਕਜਾਕਿਸਤਾਨ, ਕਿਗਰਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਤੇ ਉਜਬੇਕਿਸਤਾਨ ਦੇ ਆਗੂਆਂ ਨੂੰ ਮੁੱਖ ਮਹਿਮਾਨ ਦੇ ਰੂਪ ‘ਚ ਸੱਦਾ ਦਿੱਤੇ ਜਾਣ ਦੀ ਸੰਭਾਵਨਾ ਹੈ। ਨੋਟ ‘ਚ ਦੱਸਿਆ ਗਿਆ ਹੈ ਕਿ ਇਹ ਖਤਰਾ ਪਾਕਿਸਤਾਨ/ਅਫਗਾਨਿਸਤਾਨ-ਪਾਕਿਸਤਾਨ ਦੇ ਬਾਹਰ ਸਥਿਤ ਗੁੱਟਾਂ ਤੋਂ ਹੈ।
ਰਿਪੋਰਟ ਮੁਤਾਬਕ ਅੱਤਵਾਦੀ ਸੰਗਠਨਾਂ ਦਾ ਉਦੇਸ਼ ਵੱਡੀਆਂ ਹਸਤੀਆਂ ਨੂੰ ਟਾਰਗੇਟ ਕਰਨਾ, ਜਨਤਕ ਸਭਾਵਾਂ, ਮਹੱਤਵਪੂਰਨ ਸਥਾਨਾਂ ਤੇ ਭੀੜ-ਭਾੜ ਵਾਲੇ ਇਕਾਲਿਆਂ ‘ਚ ਅਸ਼ਾਂਤੀ ਫੈਲਾਉਣਾ ਹੈ। ਡ੍ਰੋਨ ਨਾਲ ਹੀ ਹਮਲੇ ਦੀ ਕੋਸ਼ਿਸ਼ ਕੀਜੀ ਜਾ ਸਕਦੀ ਹੈ। ਇਨਪੁੱਟ ‘ਚ ਕਿਹਾ ਦਿਆ ਹੈ ਕਿ ਅੱਤਵਾਦੀ ਖਤਰੇ ਦੇ ਪਿੱਛੇ ਲਸ਼ਕਰ-ਏ-ਤਾਇਬਾ, ਦਿ ਰੈਜੀਸਟੈਂਸ ਫੋਰਸ, ਜੈਸ਼-ਏ-ਮਹੁੰਮਦ, ਹਰਕਤ-ਉਲ-ਮੁਜਾਹਿਦੀਨ ਤੇ ਹਿਜ਼ਬ-ਉਲ-ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨ ਹਨ।
ਇਨਪੁੱਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ‘ਚ ਸਥਿਤੀ ਖਾਲਿਸਤਾਨੀ ਸਮੂਹ ਵੀ ਪੰਜਾਬ ‘ਚ ਅੱਤਵਾਦ ਫੈਲਾਉਣ ਲਈ ਕੈਡਰਾਂ ਨੂੰ ਇਕੱਠਾ ਕਰ ਰਹੇ ਹਨ। ਪੰਜਾਬ ਤੇ ਹੋਰ ਸੂਬਿਆਂ ‘ਚ ਟਾਰਗੇਟ ਅਟੈਕ ਦੀ ਵੀ ਯੋਜਨਾ ਬਣਾ ਰਹੇ ਹਨ। ਫਰਵਰੀ 2021 ‘ਚ ਮਿਲੇ ਇਨਪੁੱਟ ਮੁਤਾਬਕ ਖਾਲਿਸਤਾਨੀ ਅੱਤਵਾਦੀ ਗੁੱਟ ਪ੍ਰਧਾਨ ਮੰਤਰੀ ਦੀ ਬੈਠਕ ਤੇ ਸੈਲਾਨੀ ਥਾਵਾਂ ‘ਤੇ ਹਮਲਾ ਕਰਨ ਦੀ ਫਿਰਾਕ ‘ਚ ਹਨ।