ਹੁਣ ਪਾਕਿਸਤਾਨ ਦੇ ਇੱਕ ਪਾਇਲਟ ਦੀ ਹਵਾਈ ਯਾਤਰਾ ਵਿੱਚ ਮਨਮਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀਆਈਏ) ਦੀ ਉਡਾਣ ਦੇ ਵਿਚਕਾਰ, ਪਾਇਲਟ ਨੇ ਆਪਣੀ ਸ਼ਿਫਟ ਖਤਮ ਹੋਣ ਦਾ ਹਵਾਲਾ ਦਿੰਦੇ ਹੋਏ ਜਹਾਜ ਨੂੰ ਉਡਾਉਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਸਵਾਰੀਆਂ ਵਿੱਚ ਹੜਕੰਪ ਮੱਚ ਗਿਆ।
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ, ਦੇ ਇੱਕ ਜਹਾਜ਼ ਦੀ ਉਡਾਣ ਨੰਬਰ ਪੀਕੇ-9754 ਨੇ ਬੀਤੇ ਦਿਨ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਤੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਲਈ ਉਡਾਣ ਭਰੀ ਸੀ। ਇਸ ਦੌਰਾਨ ਖਰਾਬ ਮੌਸਮ ਕਾਰਨ ਜਹਾਜ ਨੂੰ ਦਮੱਮ ‘ਚ ਲੈਂਡ ਕਰਨਾ ਪਿਆ। ਇਸ ਦੌਰਾਨ ਜਦੋਂ ਦਮੱਮ ਤੋਂ ਇਸਲਾਮਾਬਾਦ ਲਈ ਦੁਬਾਰਾ ਉਡਾਣ ਭਰਨ ਦੀ ਗੱਲ ਆਈ ਤਾਂ ਪਾਕਿਸਤਾਨੀ ਪਾਇਲਟ ਨੇ ਆਪਣੀ ਸ਼ਿਫਟ ਖਤਮ ਹੋਣ ਦਾ ਹਵਾਲਾ ਦਿੰਦੇ ਹੋਏ ਜਹਾਜ ਨੂੰ ਉਡਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਫ਼ਰ ਦੇ ਵਿਚਕਾਰ ਪਾਇਲਟ ਦੇ ਮਨ੍ਹਾ ਕਰਨ ਕਾਰਨ ਉੱਥੇ ਸਥਿਤੀ ਅਸਹਿਜ ਹੋ ਗਈ। ਗੁੱਸੇ ‘ਚ ਆਏ ਯਾਤਰੀਆਂ ਨੇ ਜਹਾਜ ਚੋਂ ਉਤਰਨ ਤੋਂ ਇਨਕਾਰ ਕਰ ਦਿੱਤਾ।
ਯਾਤਰੀਆਂ ਨੇ ਕਿਹਾ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਨੂੰ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਉਚਿਤ ਪ੍ਰਬੰਧ ਕਰਨੇ ਚਾਹੀਦੇ ਸਨ। ਬਾਅਦ ‘ਚ ਸਥਿਤੀ ‘ਤੇ ਕਾਬੂ ਪਾਉਣ ਲਈ ਹਵਾਈ ਅੱਡੇ ਦੇ ਸੁਰੱਖਿਆ ਬਲਾਂ ਨੂੰ ਬੁਲਾਉਣਾ ਪਿਆ। ਇਸ ਸਬੰਧੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੇ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਪਾਇਲਟਾਂ ਦਾ ਉਚਿਤ ਆਰਾਮ ਜ਼ਰੂਰੀ ਹੈ। ਇਸ ਨੂੰ ਯਕੀਨੀ ਬਣਾਉਂਦੇ ਹੋਏ ਉਕਤ ਜਹਾਜ ਨੂੰ ਦਮੱਮ ਤੋਂ ਇਸਲਾਮਾਬਾਦ ਲਿਜਾਣ ਦਾ ਪ੍ਰਬੰਧ ਕੀਤਾ ਗਿਆ।