ਸਾਂਤਾ ਫੇ : ਨਿਊ ਮੈਕਸੀਕੋ ‘ਚ ‘ਰਸਟ’ ਫਿਲਮ ਦੀ ਸ਼ੂਟਿੰਗ ਦੌਰਾਨ ਹਾਲੀਵੁੱਡ ਅਦਾਕਾਰ ਐਲਕ ਬਾਲਡਵਿਨ ਨੇ ਗ਼ਲਤੀ ਨਾਲ ਬੰਦੂਕ ਚਲਾ ਦਿੱਤੀ ਤੇ ਮੌਕੇ ‘ਤੇ ਮੌਜੂਦ ਸਿਨੇਮੈਟੋਗ੍ਰਾਫਰ ਹਾਇਨਾ ਹਚਿਨਸ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਸੈੱਟ ‘ਤੇ ਮੌਜੂਦ ਫਿਲਮ ਡਾਇਰੈਕਟਰ ਜੋਏਲ ਸੂਜ਼ ਨੂੰ ਵੀ ਗੋਲ਼ੀ ਲੱਗੀ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੈਕਸੀਕੋ ਪ੍ਰਸ਼ਾਸਨ ਇਸ ਹਾਈਪ੍ਰਰੋਫਾਈਲ ਮਾਮਲੇ ਦੀ ਜਾਂਚ ਕਰ ਰਿਹਾ ਹੈ। ਬਾਲਡਵਿਨ ਤੋਂ ਸਥਾਨਕ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਪਰ ਹਾਲੇ ਤਕ ਉਨ੍ਹਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ।
ਖ਼ਾਸ ਗੱਲ ਇਹ ਹੈ ਕਿ 63 ਸਾਲਾ ਬਾਲਡਵਿਨ ਦੇ ਬੁਲਾਰੇ ਨੇ ਹਾਲੇ ਤਕ ਉਨ੍ਹਾਂ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ। ਵੀਰਵਾਰ ਨੂੰ ਉਨ੍ਹਾਂ ਦੇ ਬੁਲਾਰੇ ਨੇ ਇਕ ਮੈਗਜ਼ੀਨ ਨੂੰ ਸਿਰਫ਼ ਏਨਾ ਹੀ ਕਿਹਾ ਸੀ ਕਿ ਇਕ ਹਾਦਸੇ ‘ਚ ਇਕ ਪਰਾਪ ਗੰਨ ਤੋਂ ਮਿਸ ਫਾਇਰ ਹੋ ਗਿਆ ਹੈ। ਸਾਂਤਾ ਫੇ ਨਿਊ ਮੈਕਸੀਕੋ ਅਖ਼ਬਾਰ ਮੁਤਾਬਕ ਬਾਲਡਵਿਨ ਜੋਅ ਇਸ ਫਿਲਮ ਦੇ ਹੀਰੋ ਤੇ ਕੋ-ਪ੍ਰਰੋਡਿਊਸਰ ਵੀ ਹਨ। ਉਨ੍ਹਾਂ ਨੂੰ ਹਾਦਸੇ ਮਗਰੋਂ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਿਸੇ ਨਾਲ ਫੋਨ ‘ਤੇ ਗੱਲ ਕਰਦੇ ਹੋਏ ਫੁੱਟ-ਫੁੱਟ ਕੇ ਰੋਂਦੇ ਦੇਖਿਆ ਗਿਆ ਹੈ। ਬਾਲਡਵਿਨ ਇਸ ਫਿਲਮ ‘ਚ ਇਕ 13 ਸਾਲਾ ਲੜਕੇ ਦੇ ਦਾਦਾ ਦੀ ਭੂਮਿਕਾ ਨਿਭਾ ਰਹੇ ਹਨ ਜਿਹੜਾ ਗ਼ਲਤੀ ਨਾਲ ਕਿਸੇ ਨੂੰ ਗੋਲ਼ੀ ਮਾਰਨ ‘ਤੇ ਮੌਤ ਦੀ ਸਜ਼ਾ ਪਾਉਂਦਾ ਹੈ। ਫਿਰ ਉਹ ਆਪਣੇ ਦਾਦੇ ਦੇ ਨਾਲ ਆਪਣੀ ਜਾਨ ਬਚਾਉਣ ਲਈ ਭੱਜਦਾ ਫਿਰਦਾ ਹੈ। ਮਸ਼ਹੂਰ ਅਦਾਕਾਰ-ਫਿਲਮ ਨਿਰਮਾਤਾ ਬਾਲਡਵਿਨ ਨੇ ‘ਬੇਟੀਜੂਸ’, ‘ਮੈਰਿਡ ਟੂ ਦ ਮੌਬ’, ‘ਏਲਾਇਸ’, ‘ਟੂ ਰੋਮ ਵਿਦ ਲਵ’, ‘ਦ ਏਵੀਏਟਰ’, ‘ਦ ਡਿਪਾਰਟਿਡ’ ਤੇ ‘ਦ ਕੂਲਰ’ ਵਰਗੀਆਂ ਮਸ਼ਹੂਰ ਫਿਲਮਾਂ ਕੀਤੀਆਂ ਹਨ।
‘ਰਸਟ’ ਫਿਲਮ ਦੇ ਸੈੱਟ ‘ਤੇ ਹੋਏ ਹਾਦਸੇ ‘ਚ ਮਾਰੀ ਗਈ 42 ਸਾਲਾ ਸਿਨੇਮਾਟੋਗ੍ਰਾਫਰ ਹਾਇਨਾ ਹਚਿਨਸ ਨੂੰ ਨਿਊ ਮੈਕਸੀਕੋ ਦੇ ਹਸਪਤਾਲ ਲਿਜਾਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ। ਜਦਕਿ 48 ਸਾਲਾ ਜ਼ਖ਼ਮੀ ਫਿਲਮ ਡਾਇਰੈਕਟਰ ਜੋਏਲ ਸੂਜ਼ ਨੂੰ ਰੀੜ੍ਹ ਦੀ ਹੱਡੀ ‘ਚ ਗੋਲ਼ੀ ਲੱਗੀ ਹੈ ਤੇ ਸਥਾਨਕ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਮ ਦੀ ਸ਼ੂਟਿੰਗ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਹੈ।