ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪ੍ਰਵਾਸੀਆਂ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਹਊਆ ਬਣਾਇਆ ਜਾ ਰਿਹਾ ਹੈ ਤੇ ਵਿਰੋਧੀ ਧਿਰ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਗੰਦੀ ਸਿਆਸਤ ਖੇਡ ਰਹੀ ਹੈ।
ਪ੍ਰੀਮੀਅਰ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਇਸ ਤੋਂ ਇੱਕ ਦਿਨ ਪਹਿਲਾਂ ਬਰੈਂਪਟਨ ਈਸਟ ਤੋਂ ਐਨਡੀਪੀ ਦੇ ਐਮਪੀਪੀ ਗੁਰਰਤਨ ਸਿੰਘ ਨੇ ਪ੍ਰਸ਼ਾਨ ਕਾਲ ਦੌਰਾਨ ਉਨ੍ਹਾਂ ਕੋਲੋਂ ਇਹ ਸਵਾਲ ਪੁੱਛਿਆ ਸੀ ਕਿ ਉਹ ਪ੍ਰਵਾਸੀਆਂ ਬਾਰੇ ਆਪਣੇ ਵਿਵਾਦਤ ਬਿਆਨ ਨੂੰ ਲੈ ਕੇ ਮਾਫ਼ੀ ਮੰਗਣ ਲਈ ਤਿਆਰ ਹਨ ਜਾਂ ਨਹੀਂ।
ਗੁਰਰਤਨ ਨੇ ਕਿਹਾ ਕਿ ਪ੍ਰੀਮੀਅਰ ਦਾ ਇਹ ਬਿਆਨ ਪ੍ਰਵਾਸੀਆਂ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲਾ, ਵੰਡ ਪਾਊ ਤੇ ਗ਼ਲਤ ਹੈ। ਇਸ ਲਈ ਉਨ੍ਹਾਂ ਨੂੰ ਇਸ ਦੇ ਲਈ ਬੇਝਿਜਕ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਜਵਾਬ ਵਿੱਚ ਡੱਗ ਫੋਰਡ ਨੇ ਗੁਰਰਤਨ ਨੂੰ ਕਿਹਾ ਹੈ ਕਿ ਉਹ ਆਪਣੇ ਸਿੱਖ ਭਾਈਚਾਰੇ ਕੋਲੋਂ ਪੁੱਛਣ ਕਿ ਉਨ੍ਹਾਂ ਦਾ ਇਹ ਬਿਆਨ ਕਿੰਨਾ ਕੁ ਗ਼ਲਤ ਹੈ?
ਦੱਸ ਦੇਈਏ ਕਿ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਪ੍ਰਵਾਸੀਆਂ ਬਾਰੇ ਇਹ ਟਿੱਪਣੀਆਂ ਵਿੰਡਸਰ-ਅਸੈਕਸ ਰੀਜਨ ਵਿੱਚ ਕੀਤੀਆਂ ਸਨ, ਜਿੱਥੇ ਉਹ ਇੱਕ ਵੱਡੇ ਹਸਪਤਾਲ ਦੀ ਉਸਾਰੀ ਬਾਰੇ ਐਲਾਨ ਕਰਨ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਤੁਸੀਂ ਵੀ ਇੱਥੇ ਹਰ ਨਵੇਂ ਕੈਨੇਡੀਅਨ ਵਾਂਗ ਮਿਹਨਤ ਕਰਨ ਆਏ ਹੋ, ਪਰ ਜੇ ਤੁਸੀਂ ਸੋਚਦੇ ਹੋ ਕਿ ਵਿਹਲੇ ਬੈਠ ਕੇ ਬੇਰੁਜ਼ਗਾਰੀ ਭੱਤਾ ਲੈਂਦੇ ਰਹੋਗੇ ਤਾਂ ਇਹ ਤੁਹਾਡਾ ਭੁਲੇਖਾ ਹੈ। ਕਿਤੇ ਹੋਰ ਚਲੇ ਜਾਉ। ਇਸ ‘ਤੇ ਵਿਰੋਧੀ ਧਿਰਾਂ ਨੇ ਇਹ ਮੁੱਦਾ ਚੁੱਕ ਲਿਆ। ਉਨਟਾਰੀਓ ਵਿਚ ਲਿਬਰਲ ਆਗੂ ਸਟੀਵਨ ਡੈਲ ਡੁਕਾ ਨੇ ਡਗ ਫ਼ੋਰਡ ਦੀ ਟਿੱਪਣੀ ਨੂੰ ਵੰਡੀਆਂ ਪਾਉਣ ਵਾਲੀ ਅਤੇ ਮਾਯੂਸੀ ਭਰੀ ਕਰਾਰ ਦਿੰਦਿਆਂ ਕਿਹਾ ਕਿ ਪ੍ਰੀਮੀਅਰ ਨੂੰ ਤੁਰੰਤ ਇਸ ਬਾਰੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰੀਮੀਅਰ ਦਾ ਫ਼ਰਜ਼ ਉਨਟਾਰੀਓ ਵਾਸੀਆਂ ਨੂੰ ਇਕਜੁਟ ਕਰਨ ਦਾ ਹੁੰਦਾ ਹੈ ਨਾ ਕਿ ਵੰਡੀਆਂ ਪਾਉਣ ਦਾ।
ਇਸ ਮਗਰੋਂ ਬੀਤੇ ਦਿਨ ਐਮਪੀਪੀ ਗੁਰਰਤਨ ਸਿੰਘ ਨੇ ਵੀ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਿਆ ਚੁੱਕਿਆ। ਇਸ ‘ਤੇ ਅੱਜ ਡੱਗ ਫੋਰਡ ਨੇ ਐਮਪੀਮੀ ਗੁਰਰਤਨ ਸਿੰਘ ‘ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਸਿਆਸਤ ਖੇਡਣੀ ਬੰਦ ਕਰਨ ਅਤੇ ਸੱਚਾਈ ਸੁਣਨ। ਫੋਰਡ ਨੇ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਪ੍ਰਵਾਸੀ ਉਨਟਾਰੀਓ ਦੀ ਰੀੜ੍ਹ ਦੀ ਹੱਡੀ ਹਨ ਤੇ ਉਹ ਹਮੇਸ਼ਾ ਉਨ੍ਹਾਂ ਦੀ ਗੱਲ ਸੁਣਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦਾ ਫੋਨ ਦਿਨ-ਰਾਤ ਚਲਦਾ ਰਹਿੰਦਾ ਹੈ ਤੇ ਉਹ ਪ੍ਰਵਾਸੀਆਂ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਨ। ਉਨ੍ਹਾਂ ਨੇ ਗੁਰਰਤਨ ਨੂੰ ਕਿਹਾ ਕਿ ਉਹ ਆਪਣੇ ਸਿੱਖ ਭਾਈਚਾਰੇ ਕੋਲ ਜਾਣ ਤੇ ਉਨ੍ਹਾਂ ਨੂੰ ਪ੍ਰੀਮੀਅਰ ਦੇ ਪ੍ਰਵਾਸੀਆਂ ਲਈ ਕੀਤੇ ਕੰਮਾਂ ਬਾਰੇ ਪੁੱਛਣ। ਇੱਥੋਂ ਤੱਕ ਕਿ ਸਿੱਖ ਭਾਈਚਾਰਾ ਇਹ ਵੀ ਕਹਿ ਚੁੱਕਾ ਹੈ ਕਿ ਪ੍ਰੀਮੀਅਰ ਦੀਆਂ ਟਿੱਪਣੀਆਂ ‘ਚ ਕੁਝ ਵੀ ਗ਼ਲਤ ਨਹੀਂ ਹੈ ਤੇ ਇਨ੍ਹਾਂ ਨੂੰ ਖਾਹਮਖਾਹ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ।