ਔਟਵਾ : ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਭਾਵੇਂ ਸਾਰੀਆਂ ਪਾਰਟੀਆਂ ਨਾਲੋਂ ਵੱਧ ਸੀਟਾਂ ਲੈ ਕੇ ਲਿਬਰਲ ਪਾਰਟੀ ਮੁੜ ਸੱਤਾ ਵਿੱਚ ਪਰਤ ਆਈ ਹੈ, ਪਰ ਇਸ ਵਾਰ ਵੀ ਜਸਟਿਨ ਟਰੂਡੋ ਦੀ ਅਗਵਾਈ ‘ਚ ਘੱਟਗਿਣਤੀ ਸਰਕਾਰ ਹੀ ਬਣਨ ਜਾ ਰਹੀ ਹੈ। ਇਸ ਦੇ ਚਲਦਿਆਂ ਲਿਬਰਲਾਂ ਨੂੰ ਕੋਈ ਵੀ ਕਾਨੂੰਨ ਪਾਸ ਕਰਾਉਣ ਲਈ ਦੂਜੀਆਂ ਪਾਰਟੀਆਂ ਦੇ ਸਹਾਰੇ ਰਹਿਣਾ ਪਏਗਾ।
ਪਿਛਲੀ ਸਰਕਾਰ ਵੇਲੇ ਐਨਡੀਪੀ ਲਿਬਰਲਾਂ ਦਾ ਸਮਰਥਨ ਕਰਦੀ ਰਹੀ ਹੈ, ਪਰ ਇਸ ਵਾਰ ਜਗਮੀਤ ਸਿੰਘ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਲਿਬਰਲ ਪਾਰਟੀ ਨੇ ਕੋਈ ਗ਼ਲਤ ਫ਼ੈਸਲਾ ਲਿਆ ਜਾਂ ਕੋਈ ਅਜਿਹਾ ਕੰਮ ਕੀਤਾ, ਜਿਸ ਨਾਲ ਕੈਨੇਡੀਅਨ ਲੋਕਾਂ ਦਾ ਦਿਲ ਦੁਖੇ ਤਾਂ ਐਨਡੀਪੀ ਉਸ ਦੇ ਵਿਰੁੱਧ ਵੋਟ ਪਾਏਗੀ।
ਜਸਟਿਨ ਟਰੂਡੋ ਕੁਝ ਦਿਨਾਂ ਵਿੱਚ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਨ ਜਾ ਰਹੇ ਹਨ ਤੇ 22 ਨਵੰਬਰ ਨੂੰ ਕੈਨੇਡਾ ਦੀ ਸੰਸਦ ‘ਹਾਊਸ ਆਫ਼ ਕਾਮਨਜ਼’ ਦੀ ਵਾਪਸੀ ਲਈ ਮੰਚ ਤਿਆਰ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਹੋਈਆਂ ਮੱਧਕਾਲੀ ਚੋਣਾਂ ਵਿੱਚ ਭਾਵੇਂ ਲਿਬਰਲ ਪਾਰਟੀ ਨੇ ਮੁੜ ਜਿੱਤ ਦਰਜ ਕੀਤੀ ਹੈ, ਪਰ ਬਹੁਗਿਣਤੀ ਸਰਕਾਰ ਬਣਾਉਣ ਦੀ ਜਸਟਿਨ ਟਰੂਡੋ ਦੀ ਇੱਛਾ ਪੂਰੀ ਨਹੀਂ ਹੋ ਸਕੀ ਤੇ ਉਨ੍ਹਾਂ ਨੂੰ ਪਿਛਲੇ ਵਾਰ ਦੀ ਤਰ੍ਹਾਂ ਇਸ ਵਾਰ ਵੀ ਘੱਟਗਿਣਤੀ ਸਰਕਾਰ ਹੀ ਬਣਾਉਣੀ ਪੈ ਰਹੀ ਹੈ।
ਇਸ ਵਾਰ ਵੀ ਉਨ੍ਹਾਂ ਨੂੰ ਕੋਈ ਵੀ ਕਾਨੂੰਨ ਪਾਸ ਕਰਾਉਣ ਲਈ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ), ਕੰਜ਼ਰਵੇਟਿਵ ਜਾਂ ਬਲਾਕ ਕਿਊਬੈਕ ‘ਤੇ ਨਿਰਭਰ ਰਹਿਣਾ ਪਏਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫ਼ਤੇ ਕੰਜ਼ਰਵੇਟਿਵ, ਐਨਡੀਪੀ, ਬਲਾਕ ਕਿਊਬੈਕ ਤੇ ਗਰੀਨ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਗੱਲ ਸੁਣੀ ਤੇ ਆਪਣੀ ਗੱਲ ਵੀ ਉਨ੍ਹਾਂ ਨਾਲ ਸਾਂਝੀ ਕੀਤੀ ਕਿ ਉਹ ਦੇਸ਼ ਵਿੱਚ ਕੀ-ਕੀ ਨਵਾਂ ਕਰਨਾ ਚਾਹੁੰਦੇ ਹਨ।
ਜਸਟਿਨ ਟਰੂਡੋ ਨਾਲ ਬੈਠਕ ਤੋਂ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਲਿਬਰਲਾਂ ਨੂੰ ਉਨ੍ਹਾਂ ਦੀ ਪਾਰਟੀ ਐਨਡੀਪੀ ਦੇ ਸਮਰਥਨ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਜੇਕਰ ਟਰੂਡੋ ਸਰਕਾਰ ਕੋਈ ਗ਼ਲਤ ਫ਼ੈਸਲਾ ਲਏਗੀ ਜਾਂ ਕੋਈ ਅਜਿਹਾ ਕੰਮ ਕਰੇਗੀ, ਜਿਸ ਨਾਲ ਕੈਨੇਡੀਅਨ ਲੋਕਾਂ ਦਾ ਦਿਲ ਦੁਖੇ ਤਾਂ ਐਨਡੀਪੀ ਉਸ ਦੇ ਵਿਰੁੱਧ ਵੋਟ ਪਾਏਗੀ।