ਵਾਸ਼ਿੰਗਟਨ, (ਏਐੱਨਆਈ) : ਅਰਕੰਸਾਸ ’ਚ ਚਾਕੂਬਾਜ਼ੀ ਦੀ ਘਟਨਾ ’ਚ ਤਿੰਨ ਲੋਕ ਮਾਰੇ ਗਏ। ਫੋਰਟ ਸਮਿਥ ਪੁਲਿਸ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਫੋਰਟ ਸਮਿਥ ਸਿਟੀ ਪੁਲਿਸ ਮੁਖੀ ਡੈਨੀ ਬਾਕਰ ਨੇ ਦੱਸਿਆ ਕਿ ਇਕ ਵਿਅਕਤੀ ਪੱਥਰ ਨਾਲ ਆਪਣੇ 15 ਸਾਲਾ ਪੁੱਤਰ ਦੇ ਸਿਰ ਤੇ ਚਿਹਰੇ ’ਤੇ ਹਮਲੇ ਕਰ ਰਿਹਾ ਸੀ। ਅਧਿਕਾਰੀ ਵੱਲੋਂ ਰੋਕਣ ’ਤੇ ਉਸ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਅਧਿਕਾਰੀ ਨੇ ਉਸ ’ਤੇ ਗੋਲ਼ੀ ਚਲਾ ਦਿੱਤੀ ਜਿਸ ’ਚ ਉਸ ਦੀ ਮੌਤ ਹੋ ਗਈ। ਹਸਪਤਾਲ ’ਚ ਬੱਚੇ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਨੇੜੇ ਹੀ ਇਕ ਮਕਾਨ ’ਚ 42 ਸਾਲਾ ਔਰਤ ਦੀ ਲਾਸ਼ ਮਿਲੀ, ਜਿਸ ਦੀ ਵੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਸੀ।
ਯੂਨੀਵਰਸਿਟੀ ਕੰਪਲੈਕਸ ’ਚ ਗੋਲ਼ੀਬਾਰੀ, ਇਕ ਦੀ ਮੌਤ, ਸੱਤ ਜ਼ਖ਼ਮੀ
ਨਿਊਜ਼ ਏਜੰਸੀ ਆਈਏਐੱਨਐੱਸ ਮੁਤਾਬਕ ਅਮਰੀਕਾ ਦੇ ਲੁਸੀਆਣਾ ਸੂਬੇ ’ਚ ਗ੍ਰੈਂਬਲਿੰਗ ਸਟੇਟ ਯੂਨੀਵਰਸਿਟੀ ਕੰਪਲੈਕਸ ’ਚ ਹੋਈ ਗੋਲ਼ਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਸੱਤ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਇਕ ਦੀ ਹਾਲਤ ਗੰਭੀਰ ਹੈ। ਐਤਵਾਰ ਰਾਤ ਇਕ ਵਜੇ ਗੋਲ਼ੀਬਾਰੀ ਕਰਨ ਵਾਲਾ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਸੀ। ਜ਼ਖ਼ਮੀਆਂ ’ਚ ਸਿਰਫ ਇਕ ਵਿਦਿਆਰਥੀ ਹੈ। ਯੂਨੀਵਰਸਿਟੀ ’ਚ ਸਵੇਰੇ 9.30 ਤੋਂ ਸ਼ਾਮ ਛੇ ਵਜੇ ਤਕ ਕਰਫਿਊ ਲਗਾ ਦਿੱਤਾ ਗਿਆ। ਸੋਮਵਾਰ ਤੇ ਮੰਗਲਵਾਰ ਨੂੰ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ। ਚਾਰ ਦਿਨ ਪਹਿਲਾਂ 13 ਅਕਤੂਬਰ ਨੂੰ ਕੰਪਲੈਕਸ ’ਚ ਗੋਲੀਬਾਰੀ ਦੀ ਘਟਨਾ ’ਚ ਵੀ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ।