ਲੰਡਨ (ਪੀਟੀਆਈ) : ਕੋਰੋਨਾ ਵਾਇਰਸ ਖ਼ਿਲਾਫ਼ ਮਿਸ਼ਰਤ ਵੈਕਸੀਨ ਨੂੰ ਬਹੁਤ ਜ਼ਿਆਦਾ ਅਸਰਦਾਰ ਪਾਇਆ ਗਿਆ ਹੈ। ਸਵੀਡਨ ‘ਚ ਕਰਵਾਏ ਗਏ ਨਵੇਂ ਅਧਿਐਨ ‘ਚ ਇਹ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲੀ ਡੋਜ਼ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਦਿੱਤੀ ਗਈ ਤੇ ਦੂਜੀ ਡੋਜ਼ ਐੱਮਆਰਐੱਨਏ ਦੀ ਦਿੱਤੀ ਗਈ ਤਾਂ ਨਤੀਜੇ ਬਿਹਤਰ ਮਿਲੇ। ਆਕਸਫੋਰਡ-ਐਸਟ੍ਰਾਜ਼ੈਨੇਕਾ ਦੀਆਂ ਦੋਵੇਂ ਖ਼ੁਰਾਕਾਂ ਲੈਣ ਵਾਲਿਆਂ ਦੇ ਮੁਕਾਬਲੇ ਅਜਿਹੇ ਲੋਕਾਂ ਨੰੂ ਇਨਫੈਕਸ਼ਨ ਦਾ ਖ਼ਤਰਾ ਬਹੁਤ ਘੱਟ ਸੀ।
ਲੈਂਸੇਟ ਮੈਗਜ਼ੀਨ ‘ਚ ਇਹ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਸਵੀਡਨ ‘ਚ ਸੁਰੱਖਿਆ ਕਾਰਨਾਂ ਕਰ ਕੇ 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲਗਾਉਣ ‘ਤੇ ਰੋਕ ਲਾ ਦਿੱਤੀ ਗਈ ਸੀ ਪਰ ਜਦੋਂ ਤਕ ਰੋਕ ਲਗਾਈ ਗਈ ਉਦੋਂ ਤਕ ਬਹੁਤ ਸਾਰੇ ਲੋਕਾਂ ਨੇ ਇਸ ਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਸੀ, ਅਜਿਹੇ ਲੋਕਾਂ ਨੂੰ ਐੱਮਆਰਏਐੱਨਏ ਆਧਾਰਤ ਵੈਕਸੀਨ ਦੀ ਦੂਜੀ ਡੋਜ਼ ਲਗਾਈ ਗਈ। ਇਸ ਤੋਂ ਬਾਅਦ ਕੀਤੇ ਗਏ ਅਧਿਐਨ ‘ਚ ਇਹ ਸਾਹਮਣੇ ਆਇਆ ਕਿ ਵੱਖ-ਵੱਖ ਵੈਕਸੀਨ ਦੀ ਡੋਜ਼ ਲੈਣ ਵਾਲਿਆਂ ‘ਚ ਕੋਰੋਨਾ ਵਾਇਰਸ ਖ਼ਿਲਾਫ਼ ਮਜ਼ਬੂਤ ਪ੍ਰਤੀਰੱਖਿਆ ਪੈਦਾ ਹੋਈ।
ਐਸਟ੍ਰਾਜ਼ੈਨੇਕਾ ਦੀ ਵੈਕਟਰ ਵੈਕਸੀਨ ਹੈ, ਜਿਸ ‘ਚ ਸਰਦੀ ਪੈਦਾ ਕਰਨ ਵਾਲੇ ਵਾਇਰਸ ਦੇ ਨਾਲ ਕੋਰੋਨਾ ਵਾਇਰਸ ਦੇ ਇਕ ਅੰਸ਼ ਨੂੰ ਸਰੀਰ ‘ਚ ਭੇਜਿਆ ਜਾਂਦਾ ਹੈ। ਇਹ ਵੈਕਸੀਨ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਪਰ ਪ੍ਰਤੀਰੱਖਿਆ ਪ੍ਰਣਾਲੀ ਨੂੰ ਸਰਕਾਰ ਕਰ ਦਿੰਦੀ ਹੈ ਤੇ ਜਦੋਂ ਅਸਲ ‘ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਘੱਟ ਹੁੰਦੀ ਹੈ ਤਾਂ ਸਰੀਰ ‘ਚ ਪਹਿਲਾਂ ਤੋਂ ਤਿਆਰ ਐਂਟੀਬਾਡੀ ਉਸ ਨੂੰ ਮਾਰ ਦਿੰਦੀ ਹੈ।
ਮਾਡਰਨਾ ਦੀ ਵੈਕਸੀਨ ਐੱਮਆਰਐੱਨਏ ਵੈਕਸੀਨ ਹੈ। ਇਸ ‘ਚ ਕੋਰੋਨਾ ਵਾਇਰਸ ਦੇ ਜੈਨੇਟਿਕ ਕੋਡ ਨੂੰ ਸਰੀਰ ‘ਚ ਪ੍ਰਵੇਸ਼ ਕਰਵਾਇਆ ਜਾਂਦਾ ਹੈ। ਇਹ ਵੀ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਪ੍ਰਤੀਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੰਦਾ ਹੈ ਤੇ ਜਦੋਂ ਅਸਲ ‘ਚ ਕੋਰੋਨਾ ਵਾਇਰਸ ਸਰੀਰ ‘ਚ ਪ੍ਰਵੇਸ਼ ਕਰਦਾ ਹੈ ਤਾਂ ਪ੍ਰਤੀਰੱਖਿਆ ਪ੍ਰਣਾਲੀ ਉਸ ਨੂੁੰ ਖ਼ਤਮ ਕਰ ਦਿੰਦੀ ਹੈ।
ਭਾਰਤ ‘ਚ ਮਾਡਰਨਾ ਦੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਤਾਂ ਮਿਲ ਚੁੱਕੀ ਹੈ ਪਰ ਟੀਕਾਕਰਨ ‘ਚ ਇਸ ਦੀ ਵਰਤੋਂ ਨਹੀਂ ਹੋ ਰਹੀ, ਜਦੋਂ ਕਿ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਜਿਸ ਨੂੰ ਸੀਰਮ ਇੰਸਟੀਚਿਊਟ ਨੇ ਕੋਵੀਸ਼ੀਲਡ ਦੇ ਨਾਂ ਨਾਲ ਬਣਾਇਆ ਹੈ, ਉਸਦੀ ਵਰਤੋਂ ਕੀਤੀ ਜਾ ਰਹੀ ਹੈ।