ਅਬੋਹਰ : ਅਬੋਹਰ ਦੇ ਪਿੰਡ ਸੱਪਾਂਵਾਲੀ ’ਚ ਅਣਖ ਖ਼ਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਣ ਕਾਰਨ ਨਵ-ਵਿਆਹੇ ਜੋੜੇ ਰੋਹਤਾਸ਼ ਅਤੇ ਸੁਮਨ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਲਾਸ਼ਾਂ ਪਿੰਡ ਦੇ ਚੁਰਸਤੇ ’ਚ ਸੁੱਟ ਦਿੱਤੀਆਂ। ਹੱਦ ਉਦੋਂ ਹੋ ਗਈ, ਜਦੋਂ ਕੋਈ ਵੀ ਵਿਅਕਤੀ ਉਨ੍ਹਾਂ ਦੀਆਂ ਲਾਸ਼ਾਂ ਕੋਲ ਤਕ ਨਹੀਂ ਗਿਆ। ਕਰੀਬ 4 ਘੰਟੇ ਤਕ ਲਾਸ਼ਾਂ ਉੱਥੇ ਪਈਆਂ ਰਹੀਆਂ। ਬਾਅਦ ’ਚ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਲੜਕੇ ਦੇ ਘਰਵਾਲਿਆਂ ਨੇ ਲੜਕੀ ਦੇ ਘਰਵਾਲਿਆ ’ਤੇ ਦੋਵਾਂ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਪਿੰਡ ਦੇ ਰੋਹਤਾਸ਼ ਕੁਮਾਰ ਅਤੇ ਸੁਮਨ ਰਾਣੀ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਦੋਵਾਂ ਦੀਆਂ ਜਾਤਾਂ ਵੱਖ-ਵੱਖ ਸਨ। ਇਸ ਕਾਰਨ ਸਮਾਜ ਨੂੰ ਉਨ੍ਹਾਂ ਦਾ ਮੇਲ-ਜੋਲ ਪਸੰਦ ਨਹੀਂ ਆਇਆ। ਦੋਸ਼ ਹੈ ਕਿ ਲੜਕੀ ਦੇ ਘਰਵਾਲਿਆਂ ਨੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰੋਹਤਾਸ਼ ਮਾਲੀ ਤਾਂ ਸੁਮਨ ਕੰਬੋਜ ਬਰਾਦਰੀ ਨਾਲ ਸਬੰਧ ਰੱਖਦੀ ਸੀ। ਦੋਵਾਂ ਦਾ ਪਿਛਲੇ ਲੰਮੇ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ। ਇਸ ਬਾਰੇ ਦੋਵਾਂ ਦੇ ਪਰਿਵਾਰਾਂ ਨੂੰ ਵੀ ਪਤਾ ਸੀ। ਰੋਹਤਾਸ਼ ਅਤੇ ਸੁਮਨ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ।
ਘਰੋਂ ਭੱਜ ਕੇ ਕੀਤੀ ਦੋਵਾਂ ਸ਼ਾਦੀ
ਰੋਹਤਾਸ਼ ਤੇ ਸੁਮਨ 28 ਸਤੰਬਰ ਨੂੰ ਘਰੋਂ ਭੱਜ ਗਏ ਸਨ। ਉਨ੍ਹਾਂ ਨੇ ਇਕ ਅਕਤੂਬਰ ਨੂੰ ਦਿੱਲੀ ’ਚ ਜਾ ਕੇ ਕੋਰਟ ਮੈਰਿਜ ਕਰ ਲਈ ਸੀ। ਇਸ ਤੋਂ ਬਾਅਦ ਰੋਹਤਾਸ਼ ਆਪਣੀ ਭੈਣ ਦੇ ਘਰ ਮੋਗਾ ਦੇ ਪਿੰਡ ਰੌਂਤਾ ’ਚ ਪਤਨੀ ਸੁਮਨ ਨਾਲ ਰਹਿਣ ਲੱਗਿਆ। ਇਸ ਦੀ ਭਿਣਕ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੱਗ ਗਈ।
ਰੋਹਤਾਸ਼ ਦਾ ਗਲ਼ ਵੱਢਿਆ, ਸੁਮਨ ਦਾ ਗਲ਼ ਘੁੱਟਿਆ
ਰੋਹਤਾਸ਼ ਦੇ ਭਰਾ ਵਿਕਰਮ ਅਨੁਸਾਰ, ਲੜਕੀ ਦੇ ਘਰਵਾਲੇ ਐਤਵਾਰ ਨੂੰ ਪਿੰਡ ਰੌਂਤਾ, ਉਸ ਦੀ ਭੈਣ ਦੇ ਘਰੋਂ ਦੋਵਾਂ ਨੂੰ ਚੁੱਕ ਕੇ ਲੈ ਆਏ। ਉਨ੍ਹਾਂ ਨੇ ਰੋਹਤਾਸ਼ ਦਾ ਗਲ ਵੱਢ ਕੇ ਅਤੇ ਲੜਕੀ ਦਾ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਪਿੰਡ ਸੱਪਾਂਵਾਲੀ ਦੇ ਚੁਰਸਤੇ ’ਚ ਸੁੱਟ ਦਿੱਤੀਆਂ। ਜਿਉਂ ਹੀ ਪਿੰਡ ’ਚ ਪਤਾ ਲੱਗਿਆ ਤਾਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦੁਕਾਨਦਾਰ ਚੁਰਸਤੇ ’ਤੇ ਬਣੀਆਂ ਦਰਜਨਾਂ ਦੁਕਾਨਾਂ ਬੰਦ ਕਰ ਕੇ ਚਲੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।
ਰੋਹਤਾਸ਼ ਦੇ ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਦੋਵਾਂ ਦੀ ਹੱਤਿਆ ਲੜਕੀ ਦੇ ਪਰਿਵਾਰ ਵਾਲਿਆਂ ਨੇ ਕੀਤੀ ਹੈ। ਜਦੋਂ ਤਕ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਨਹੀਂ ਹੁੰਦਾ, ਉਦੋਂ ਤਕ ਉਹ ਲਾਸ਼ਾਂ ਨਹੀਂ ਚੁੱਕਣ ਦੇਣਗੇ। ਕਰੀਬ ਸ਼ਾਮ ਛੇ ਵਜੇ ਤਕ ਲਾਸ਼ਾਂ ਚਰਸਤੇ ’ਚ ਪਈਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰਨ ਜੁਟ ਗਈ ਸੀ। ਦੱਸਿਆ ਜਾਂਦਾ ਹੈ ਕਿ ਘਟਨਾ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਫਰਾਰ ਹਨ, ਜਦੋਂਕਿ ਲੜਕੇ ਦੇ ਪਰਿਵਾਰ ਵਾਲੇ ਘਟਨਾ ਸਥਾਨ ’ਤੇ ਮੌਜੂਦ ਸਨ।