ਏਐੱਨਆਈ, ਬੀਜਿੰਗ : ਚੀਨ ਨੇ ਪਹਿਲੀ ਵਾਰ ਪਰਮਾਣੂ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦਾ ਟੈਸਟ ਕੀਤਾ ਹੈ। ਬਿ੍ਰਟੇਨ ਦੇ ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਸਨੇ ਅਮਰੀਕਾ ਦੀ ਖੁਫ਼ੀਆ ਏਜੰਸੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਯੂਕੇ ਡੇਲੀ ਐੱਨਐੱਚਕੇ ਵਰਲਡ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਨੇ ਇਸ ਹਾਈਪਰਸੋਨਿਕ ਮਿਜ਼ਾਈਲ ਦਾ ਟੈਸਟ ਅਗਸਤ ’ਚ ਕੀਤਾ ਸੀ। ਖ਼ਬਰ ਅਨੁਸਾਰ ਇਹ ਮਿਜ਼ਾਈਲ ਆਪਣੇ ਉਦੇਸ਼ ਤਕ ਜਾਣ ਤੋਂ ਪਹਿਲਾਂ ਲੋਅ ਆਰਬਿਟ ਸਪੇਟ ’ਚ ਗਈ।
ਹਾਲਾਂਕਿ ਚੀਨ ਦਾ ਇਹ ਟੈਸਟ ਨਾਕਾਮ ਹੋ ਗਿਆ ਅਤੇ ਮਿਜ਼ਾਈਲ ਆਪਣੇ ਉਦੇਸ਼ ਤੋਂ ਭਟਕ ਗਈ। ਇਸਦੇ ਬਾਵਜੂਦ ਇਹ ਟੈਸਟ ਚੀਨ ਦੀ ਲਾਲਸਾ ਅਤੇ ਹਾਈਪਰਸੋਨਿਕ ਮਿਜ਼ਾਈਲ ਤਕਨੀਕ ਵੱਲੋਂ ਕੀਤੇ ਗਏ ਯਤਨਾਂ ’ਚ ਇਕ ਕਦਮ ਸੀ। ਤੁਹਾਨੂੰ ਦੱਸ ਦੇਈਏ ਕਿ ਰੂਸ ਅਤੇ ਅਮਰੀਕਾ ਵੀ ਹਾਈਪਰਸੋਨਿਕ ਮਿਜ਼ਾਈਲ ’ਤੇ ਕੰਮ ਕਰ ਰਹੇ ਹਨ।
ਇਸ ਤਰ੍ਹਾਂ ਦੀ ਮਿਜ਼ਾਈਲ ਆਵਾਜ਼ ਤੋਂ ਕਰੀਬ 5 ਗੁਣਾ ਤੇਜ਼ ਗਤੀ ਨਾਲ ਰਫ਼ਤਾਰ ਭਰਦੇ ਹੋਏ ਆਪਣੇ ਉਦੇਸ਼ ਨੂੰ ਨਸ਼ਟ ਕਰਦੀ ਹੈ। ਇਸਦੀ ਬੇਹੱਦ ਤੇਜ਼ ਗਤੀ ਕਾਰਨ ਇਸਨੂੰ ਟ੍ਰੈਕ ਕਰਨਾ ਮੁਸ਼ਕਲ ਹੁੰਦਾ ਹੈ। ਐੱਨਐੱਚਕੇ ਅਨੁਸਾਰ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਚੀਨ ਇਸ ਮਿਜ਼ਾਈਲ ਤਕਨੀਕ ਦਾ ਸਫ਼ਲ ਪ੍ਰੀਖਣ ਕਰ ਲੈਂਦਾ ਹੈ ਤਾਂ ਇਸ ਨਾਲ ਅਮਰੀਕਾ ਅਤੇ ਜਾਪਾਨ ਦੇ ਮਿਜ਼ਾਈਲ ਡਿਫੈਂਸ ਸਿਸਟਮ ’ਤੇ ਪ੍ਰਭਾਵ ਪੈ ਸਕਦਾ ਹੈ।