ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਲਾਰਨ ਗੰਜੀਪੋਰਾ ਇਲਾਕੇ ਵਿੱਚ ਦੋ ਗੈਰ-ਕਸ਼ਮੀਰੀ ਮਜ਼ਦੂਰਾਂ ਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿਚ ਦੋ ਦੀ ਮੌਤ ਹੋ ਗਈ, ਜਦੋਂ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਕੁਲਗਾਮ ਦੇ ਗੰਜੀਪੋਰਾ ਇਲਾਕੇ ‘ਚ ਅੱਤਵਾਦੀਆਂ ਨੇ ਦੋ ਗੈਰ-ਸਥਾਨਕ ਮਜ਼ਦੂਰਾਂ ਤੇ ਫਾਇਰਿੰਗ ਕੀਤੀ ਹੈ। ਇਹ ਤਿੰਨੋ ਬਿਹਾਰ ਦੇ ਰਹਿਣ ਵਾਲੇ ਸਨ। ਦੋ ਮਜ਼ਦੂਰਾਂ ਦੀ ਪਛਾਣ ਰਾਜਾ ਰੇਸ਼ੀ ਦੇਵ ਤੇ ਜੋਗਿੰਦਰ ਰੇਸ਼ੀ ਦੇਵ ਵਜੋਂ ਹੋਈ ਹੈ, ਜਦਕਿ ਜ਼ਖਮੀ ਚੁਨਚੁਨ ਰੇਸ਼ੀ ਦੇਵ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੌਕੇ ‘ਤੇ ਪਹੁੰਚ ਕੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਸ਼੍ਰੀਨਗਰ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਅੱਤਵਾਦੀਆਂ ਵੱਲੋਂ ਦੋ ਗੈਰ-ਸਥਾਨਕ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਵਾਮਾ ਜ਼ਿਲ੍ਹੇ ਵਿੱਚ ਸਗੀਰ ਅਹਿਮਦ (56) ਦੀ ਅਤੇ ਬਿਹਾਰ ਦੇ ਬੰਕਾ ਜ਼ਿਲ੍ਹੇ ਦੇ ਰਹਿਣ ਵਾਲੇ ਅਰਵਿੰਦ ਕੁਮਾਰ ਸ਼ਾਹ (30) ਨੂੰ ਸ਼ਨੀਵਾਰ ਸ਼ਾਮ ਨੂੰ ਸ੍ਰੀਨਗਰ ਵਿੱਚ ਈਦਗਾਹ ਨੇੜੇ ਪਾਰਕ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਪਿਛਲੇ ਦਿਨਾਂ ਤੋਂ ਕਸ਼ਮੀਰ ਵਿਚ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।