ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ ਸੜਕ ਹਾਦਸੇ ‘ਚ ਪੰਜਾਬ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ, ਜਦਕਿ ਕਾਰ ਚਲਾ ਰਿਹਾ ਇੱਕ ਮੁੰਡਾ ਤੇ ਦੋ ਕੁੜੀਆਂ ਜ਼ਖਮੀ ਹੋ ਗਈਆਂ। ਇਹ ਹਾਦਸਾ ਟੋਰਾਂਟੋ ਦੇ ਉੱਤਰੀ ਇਲਾਕੇ ਟੋਟਨਹੈਮ ‘ਚ ਉਸ ਵੇਲੇ ਵਾਪਰਿਆ, ਜਦੋਂ ਉਨ੍ਹਾਂ ਦੀ ਕਾਰ ਦੀ ਟਰੇਨ ਨਾਲ ਟੱਕਰ ਹੋ ਗਈ। ਬਿਨਾ ਫਾਟਕਾਂ ਤੋਂ ਇਹ ਰੇਲਵੇ ਦਾ ਲਾਂਘਾ ਉਨ੍ਹਾਂ ਲਈ ਕਾਲ਼ ਬਣ ਗਿਆ।
ਸਿਮਕੋ ਕਾਊਂਟੀ ਮਾਰਕੀਟ ਨੇੜੇ 5ਵੀਂ ਲਾਈਨ ‘ਤੇ ਵਾਪਰੇ ਇਸ ਹਾਦਸੇ ਦੌਰਾਨ ਇੱਕ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹੋਰਨਾਂ ਨੂੰ ਟੋਰਾਂਟੋ ਦੇ ਟਰੋਮਾ ਸੈਂਟਰ ਲਿਜਾਇਆ ਗਿਆ, ਜਿੱਥੇ ਇੱਕ ਹੋਰ ਕੁੜੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਨ੍ਹਾਂ ਵਿੱਚੋਂ ਕਾਰ ਚਲਾ ਰਹੇ ਇੱਕ ਮੁੰਡੇ ਤੇ 2 ਕੁੜੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਵਾਪਰੀ ਘਟਨਾ ਮੌਕੇ ਰੇਲਵੇ ਲਾਂਘੇ ਦੀਆਂ ਬੱਤੀਆਂ ਫਲੈਸ਼ ਕਰ ਰਹੀਆਂ ਸਨ, ਪਰ ਉੱਥੇ ਰੇਲਵੇ ਲਾਈਨ ਤੋਂ ਗੱਡੀਆਂ ਨੂੰ ਦੂਰ ਰੱਖਣ ਲਈ ਕੋਈ ਰੋਕ (ਬੈਰੀਕੇਡ) ਨਹੀਂ ਸੀ। ਕੈਨੇਡਾ ਸਮੇਤ ਪੱਛਮੀ ਦੇਸ਼ਾਂ ਵਿੱਚ ਬਿਨਾਂ ਫਾਟਕਾਂ ਤੋਂ ਰੇਲਵੇ ਲਾਂਘੇ ਆਮ ਹਨ, ਜਿੱਥੇ ਫਲੈਸ਼ ਲਾਈਟਾਂ ਅਤੇ ਟੱਲੀਆਂ ਦੀਆਂ ਆਵਾਜ਼ਾਂ ਨਾਲ ਡਰਾਈਵਰਾਂ ਨੂੰ ਗੱਡੀਆਂ ਰੋਕਣ ਲਈ ਸੁਚੇਤ ਕੀਤਾ ਜਾਂਦਾ ਤਾਂ ਕਿ ਰੇਲ ਗੱਡੀ ਲੰਘ ਸਕੇ। ਦੁਰਘਟਨਾਵਾਂ ਅਕਸਰ ਉਨ੍ਹਾਂ ਗੱਡੀਆਂ ਨਾਲ ਵਾਪਰਦੀਆਂ, ਜੋ ਰੇਲ ਗੱਡੀ ਦੀ ਜ਼ਦ ਵਿਚ ਜਾਂ ਲਾਈਨ ਦੇ ਉਪਰ ਲਿਜਾ ਕੇ ਰੋਕੀਆਂ ਗਈਆਂ ਹੋਣ। ਪੁਲਿਸ ਵਲੋਂ ਉਪਰੋਕਤ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਹਾਦਸੇ ਦਾ ਸ਼ਿਕਾਰ ਹੋਈਆਂ ਕੁੜੀਆਂ ਹਾਲ ਹੀ ਵਿੱਚ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈਆਂ ਸਨ।
ਘਟਨਾ ਦੀ ਜਾਂਚ ਕਰ ਰਹੀ ਉਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਅਜੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ, ਸਿਰਫ਼ ਉਨ੍ਹਾਂ ਦੀ ਉਮਰ 19 ਤੋਂ 24 ਸਾਲ ਵਿਚਕਾਰ ਦੱਸੀ ਐ, ਪਰ ਪੰਜਾਬ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀਆਂ ਵਿੱਚ ਇੱਕ ਕੁੜੀ ਫਰੀਦਕੋਟ ਦੇ ਪਿੰਡ ਦੀਪਸਿੰਘਵਾਲਾ ਦੀ ਵਾਸੀ 24 ਸਾਲਾ ਪ੍ਰਭਦੀਪ ਕੌਰ ਸੀ, ਜੋ ਕਿ ਇੱਕ ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ ਤੇ ਉਹ ਬਰੈਂਪਟਨ ਵਿੱਚ ਰਹਿੰਦੀ ਸੀ।
ਸੀਆਈਏ ਵਿੰਗ ਮੋਹਾਲੀ ਪੁਲਿਸ ਦੇ ਏਐਸਆਈ ਗੁਰਪ੍ਰਤਾਪ ਸਿੰਘ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਉਨ੍ਹਾਂ ਦੀ ਭਤੀਜੀ ਮੁਕਤਸਰ ਦੇ ਪਿੰਡ ਰਾਣੀਵਾਲਾ ਦੀ 18 ਸਾਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋਈ ਹੈ, ਜਦਕਿ ਉੁਨ੍ਹਾਂ ਦੀ ਬੇਟੀ 21 ਸਾਲਾ ਪਲਮਪ੍ਰੀਤ ਕੌਰ ਜ਼ਖਮੀ ਹੋ ਗਈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੋਰਨਾਂ ਜ਼ਖਮੀਆਂ ਵਿੱਚ ਗੱਡੀ ਚਲਾ ਰਿਹਾ ਮੁੰਡਾ ਸ਼ਾਮਲ ਹੈ, ਜੋ ਕਿ ਪਟਿਆਲਾ ਦਾ ਵਾਸੀ ਹੈ। ਇਸ ਤੋਂ ਇਲਾਵਾ ਇੱਕ ਹੋਰ ਕੁੜੀ ਜ਼ਖਮੀ ਹੋਈ ਹੈ। ਇੱਕ ਮਹੀਨਾਂ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਈ ਜਸ਼ਨਪ੍ਰੀਤ ਦਾ ਪਿਤਾ ਰਾਜਵਿੰਦਰ ਸਿੰਘ ਇੱਕ ਬੱਸ ਡਰਾਈਵਰ ਹੈ, ਜੋ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਬੱਸ ਚਲਾਉਂਦਾ ਹੈ।