ਸ਼੍ਰੀਨਗਰ : ਜੰਮੂ- ਕਸ਼ਮੀਰ ਵਿੱਚ ਅੱਤਵਾਦੀਆਂ ਨੇ ਇੱਕ ਵਾਰ ਫਿਰ ਯੂਪੀ ਅਤੇ ਬਿਹਾਰ ਦੇ ਦੋ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਮਾਰਨ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਗੋਲੀ ਮਾਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀ ਗੈਰ-ਕਸ਼ਮੀਰੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਅੱਤਵਾਦੀਆਂ ਨੇ ਸ਼ਨੀਵਾਰ ਨੂੰ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਗੋਲਗੱਪਾ ਵੇਚਣ ਵਾਲੇ ਇੱਕ ਬਿਹਾਰੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੇ ਨਾਲ ਹੀ ਪੁਲਵਾਮਾ ਵਿੱਚ ਅੱਤਵਾਦੀਆਂ ਨੇ ਸਗੀਰ ਅਹਿਮਦ ਨਾਂ ਦੇ ਵਿਅਕਤੀ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਬਾਅਦ ਵਿੱਚ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ।
ਕਸ਼ਮੀਰ ਦੇ ਸੀਨੀਅਰ ਪੁਲਿਸ ਅਧਿਕਾਰੀ ਵਿਜੇ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਤਿਵਾਦੀਆਂ ਨੇ ਸ਼੍ਰੀਨਗਰ ਦੇ ਈਦਗਾਹ ਖੇਤਰ ਵਿੱਚ ਇੱਕ ਗੈਰ-ਸਥਾਨਕ ਵਿਕਰੇਤਾ ਅਰਵਿੰਦ ਕੁਮਾਰ ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਿਹਾਰ ਵਾਸੀ ਅਰਵਿੰਦ ਕੁਮਾਰ ਨੂੰ ਅਤਿਵਾਦੀਆਂ ਨੇ ਇੱਕ ਪਾਰਕ ਦੇ ਬਾਹਰ ਦੋ ਗੋਲੀਆਂ ਮਾਰੀਆਂ ਅਤੇ ਅਰਵਿੰਦ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਦੱਸ ਦਈਏ ਕਿ ਅਰਵਿੰਦ ਕੁਮਾਰ ਦੀ ਹੱਤਿਆ ਵੀ ਉਸੇ ਦਿਨ ਹੋਈ ਜਦੋਂ ਪੁਲਿਸ ਨੇ ਪਿਛਲੇ ਹਫਤੇ ਸ੍ਰੀਨਗਰ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ 24 ਘੰਟਿਆਂ ਦੀ ਹੱਤਿਆ ਵਿੱਚ ਸ਼ਾਮਲ ਤਿੰਨ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ।
ਮਹਿਬੂਬਾ ਮੁਫਤੀ ਨੇ ਘਟਨਾ ਦੀ ਨਿੰਦਾ ਕੀਤੀ ਹੈ
ਇਸ ਘਟਨਾ ਤੋਂ ਬਾਅਦ ਜੰਮੂ -ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ। ਮਹਿਬੂਬਾ ਮੁਫਤੀ ਨੇ ਟਵੀਟ ਕੀਤਾ, “ਅਸੀਂ ਅੱਜ ਇੱਕ ਗਲੀ ਵਿਕਰੇਤਾ ਉੱਤੇ ਹੋਏ ਇਸ ਤਰ੍ਹਾਂ ਦੇ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਕੇਵਲ ਉਸਾਰੂ ਗੱਲਬਾਤ ਸ਼ੁਰੂ ਕਰਕੇ ਹੀ ਰੋਕਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਨੇ ਘਾਟੀ ਵਿੱਚ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ। ਅੱਤਵਾਦੀ ਸੜਕ ‘ਤੇ ਸਾਮਾਨ ਵੇਚਣ ਵਾਲੇ ਕਈ ਵਿਕਰੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਫੌਜ ਦੀ ਕਾਰਵਾਈ ਜ਼ਰੂਰੀ ਹੋ ਰਹੀ ਹੈ, ਪਰ ਇਹ ਹਮਲੇ ਵੀ ਰੁਕ ਨਹੀਂ ਰਹੇ ਹਨ। ਅੰਕੜੇ ਦੱਸਦੇ ਹਨ ਕਿ ਇਸ ਸਾਲ ਘੱਟੋ ਘੱਟ 25 ਨਾਗਰਿਕ ਮਾਰੇ ਗਏ ਹਨ।