ਸੂਰਤ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਮ ਪਿਛੋਕੜ ਤੋਂ ਹੋਣ ਅਤੇ ਕੋਈ ਵੀ ਸਿਆਸੀ, ਪਰਿਵਾਰਕ ਜਾਂ ਜਾਤੀਵਾਦੀ ਸਿਆਸਤ ਦਾ ਆਧਾਰ ਨਾ ਹੋਣ ਦੇ ਬਾਵਜੂਦ ਲੋਕਾਂ ਨੇ ਮੈਨੂੰ ਪਹਿਲਾਂ ਗੁਜਰਾਤ ਵਿਚ ਅਤੇ ਫਿਰ ਕੌਮੀ ਪੱਧਰ ‘ਤੇ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਸ਼ੁੱਕਰਵਾਰ ਇਕ ਬਿਆਨ ਵਿਚ ਕਿਹਾ ਕਿ ਲੋਕਾਂ ਦੇ ਆਸ਼ੀਰਵਾਦ ਦੀ ਤਾਕਤ ਇੰਨੀ ਵੱਡੀ ਹੈ ਕਿ ਅੱਜ 20 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਮੈਂ ਲਗਾਤਾਰ ਦੇਸ਼ ਵਾਸੀਆਂ ਦੀ ਸੇਵਾ ਕਰਦਾ ਆ ਰਿਹਾ ਹੈ। ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ 10 ਸਾਲ ਤੋਂ ਵੱਧ ਸੇਵਾ ਕੀਤੀ ਅਤੇ ਹੁਣ ਪਿਛਲੇ 7 ਸਾਲ ਤੋਂ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਉਨ੍ਹਾਂ ਲੋਕਾਂ ਨੂੰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਰਹੇ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਵਿਖਾਏ ਗਏ ਰਾਹ ‘ਤੇ ਚੱਲਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਕਿਹਾ ਸੀ ਕਿ ਸਾਨੂੰ ਜਾਤੀਆਂ ਅਤੇ ਧਾਰਮਿਕ ਭਰੋਸੇ ਨੂੰ ਆਪਣੇ ਲਈ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। ਅਸੀਂ ਸਭ ਭਾਰਤ ਦੇ ਬੇਟੇ ਅਤੇ ਬੇਟੀਆਂ ਹਾਂ। ਸਾਨੂੰ ਸਭ ਨੂੰ ਆਪਣੇ ਦੇਸ਼ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਸਾਨੂੰ ਇਕ-ਦੂਜੇ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ।
ਮੋਦੀ ਨੇ ਕਿਹਾ ਕਿ ਅੱਜ ਰੱਖਿਆ ਖੇਤਰ ਵਿਚ ਪਹਿਲਾਂ ਤੋਂ ਕਿਤੇ ਵੱਧ ਪਾਰਦਰਸ਼ਤਾ ਅਤੇ ਭਰੋਸਾ ਹੈ। ਭਾਰਤ ਨਵੇਂ ਭਵਿੱਖ ਦੇ ਨਿਰਮਾਣ ਲਈ ਨਵੇਂ ਸੰਕਲਪ ਲੈ ਰਿਹਾ ਹੈ। ਮੋਦੀ ਨੇ ਦੁਸਹਿਰੇ ਦੇ ਮੌਕੇ ‘ਤੇ 7 ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਸਮਰਪਣ ਕਰਨ ਲਈ ਰੱਖਿਆ ਮੰਤਰਾਲਾ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਵੈ-ਨਿਰਭਰ ਭਾਰਤ ਮੁਹਿੰਮ ਅਧੀਨ ਦੇਸ਼ ਨੂੰ ਆਪਣੇ ਦਮ ‘ਤੇ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਸ਼ਕਤੀ ਬਣਨ ਦਾ ਨਿਸ਼ਾਨਾ ਤੈਅ ਕਰਨਾ ਚਾਹੀਦਾ ਹੈ। ਰੱਖਿਆ ਖੇਤਰ ਵਿਚ ਅਟਕਾਉਣ ਅਤੇ ਲਟਕਾਉਣ ਵਾਲੀਆਂ ਨੀਤੀਆਂ ਦੀ ਬਜਾਏ ‘ਸਿੰਗਲ ਖਿੜਕੀ ਪ੍ਰਣਾਲੀ’ ਦੀ ਵਿਵਸਥਾ ਕੀਤੀ ਗਈ ਹੈ। ਪਿਛਲੇ 7 ਸਾਲ ਵਿਚ ਭਾਰਤ ਨੇ ‘ਮੇਕ ਇਨ ਇੰਡੀਆ’ ਦੇ ਮੰਤਰ ਨਾਲ ਆਧੁਨਿਕ ਫੌਜੀ ਉਦਯੋਗ ਸਥਾਪਿਤ ਕਰਨ ਲਈ ਕੰਮ ਕੀਤਾ।